ਤਾਜਾ ਖਬਰਾਂ
ਪੱਛਮੀ ਏਸ਼ੀਆ (ਮਿਡਲ ਈਸਟ) ਵਿੱਚ ਚੱਲ ਰਿਹਾ ਸਿਆਸੀ ਅਤੇ ਫ਼ੌਜੀ ਟਕਰਾਅ ਹੁਣ ਅਤਿ ਦੇ ਖ਼ਤਰਨਾਕ ਮੋੜ 'ਤੇ ਪਹੁੰਚ ਗਿਆ ਹੈ। ਈਰਾਨ ਦੀ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ' (IRGC) ਦੀ ਨੇਵੀ ਨੇ ਐਤਵਾਰ ਸਵੇਰੇ ਇੱਕ ਵੱਡਾ ਫੈਸਲਾ ਲੈਂਦਿਆਂ ਵਿਸ਼ਵ ਵਪਾਰ ਲਈ ਅਹਿਮ ਮੰਨੇ ਜਾਂਦੇ 'ਹੋਰਮੁਜ਼ ਸਟ੍ਰੇਟ' ਨੂੰ ਅਗਲੇ ਹੁਕਮਾਂ ਤੱਕ ਅਸਥਾਈ ਤੌਰ 'ਤੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਈਰਾਨੀ ਮੀਡੀਆ ਮੁਤਾਬਕ, ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਇੱਕ ਸ਼ੱਕੀ ਜਹਾਜ਼ ਨੇ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਕੇ ਗ਼ੈਰ-ਕਾਨੂੰਨੀ ਰੂਟ ਤੋਂ ਲੰਘਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਈਰਾਨੀ ਫ਼ੌਜ ਵੱਲੋਂ ਚੇਤਾਵਨੀ ਵਜੋਂ ਗੋਲੀਬਾਰੀ ਵੀ ਕੀਤੀ ਗਈ। ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਇਸ ਖੇਤਰ ਵਿੱਚ ਅਮਰੀਕਾ ਦੀ ਦਖ਼ਲਅੰਦਾਜ਼ੀ ਮੁਕੰਮਲ ਤੌਰ 'ਤੇ ਬੰਦ ਨਹੀਂ ਹੁੰਦੀ, ਉਦੋਂ ਤੱਕ ਕਿਸੇ ਵੀ ਜਹਾਜ਼ ਨੂੰ ਇੱਥੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸੇ ਦੌਰਾਨ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਾਮਨੇਈ ਨੇ ਆਪਣੇ ਪਿਤਾ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਤੋਂ ਬਾਅਦ ਦੇਸ਼ ਦੇ ਨਾਮ ਆਪਣਾ ਪਹਿਲਾ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਸਰਕਾਰੀ ਟੈਲੀਵਿਜ਼ਨ 'ਤੇ ਬੋਲਦਿਆਂ ਉਨ੍ਹਾਂ ਨੇ ਸਹੁੰ ਖਾਧੀ ਕਿ ਈਰਾਨੀ ਲੋਕ 28 ਫਰਵਰੀ ਨੂੰ ਯੁੱਧ ਦੇ ਸ਼ੁਰੂਆਤੀ ਦੌਰ ਵਿੱਚ ਹੋਈਆਂ ਹੱਤਿਆਵਾਂ ਦਾ ਬਦਲਾ ਜ਼ਰੂਰ ਲੈਣਗੇ। ਉਨ੍ਹਾਂ ਕਿਹਾ ਕਿ ਦੁਸ਼ਮਣ ਨੂੰ ਸਖ਼ਤ ਸਬਕ ਸਿਖਾਉਣਾ ਹੁਣ ਪੂਰੇ ਰਾਸ਼ਟਰ ਦੀ ਇੱਛਾ ਹੈ। ਦੱਸ ਦੇਈਏ ਕਿ ਅਯਾਤੁੱਲਾ ਖਾਮੇਨੇਈ ਦੇ ਅੰਤਿਮ ਸੰਸਕਾਰ ਦੌਰਾਨ ਲੱਖਾਂ ਸੋਗਗੁਜ਼ਾਰਾਂ ਨੇ ਹੱਥਾਂ ਵਿੱਚ ਪੋਸਟਰ ਚੁੱਕ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਾਰਨ ਦੇ ਨਾਅਰੇ ਵੀ ਲਗਾਏ ਸਨ।
ਈਰਾਨ ਦੇ ਇਸ ਹਮਲਾਵਰ ਰੁਖ਼ 'ਤੇ ਪਲਟਵਾਰ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਬੇਹੱਦ ਤਿੱਖੀ ਚੇਤਾਵਨੀ ਜਾਰੀ ਕੀਤੀ ਹੈ। ਟਰੰਪ ਨੇ ਲਿਖਿਆ ਕਿ ਅਮਰੀਕਾ ਆਪਣੀ ਲੀਡਰਸ਼ਿਪ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਮੂੰਹ-ਤੋੜ ਜਵਾਬ ਦੇ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ਦੀਆਂ ਹਜ਼ਾਰਾਂ ਮਿਜ਼ਾਈਲਾਂ ਇਸ ਵੇਲੇ ਬਿਲਕੁਲ ਤਿਆਰ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ ਸਿੱਧਾ ਈਰਾਨ ਵੱਲ ਹੈ। ਜੇਕਰ ਈਰਾਨੀ ਹਕੂਮਤ ਨੇ ਅਮਰੀਕਾ ਖ਼ਿਲਾਫ਼ ਕੋਈ ਵੀ ਗਲਤੀ ਕੀਤੀ, ਤਾਂ ਇਹ ਮਿਜ਼ਾਈਲਾਂ ਤੁਰੰਤ ਦਾਗ ਕੇ ਈਰਾਨ ਨੂੰ ਤਬਾਹ ਕਰ ਦਿੱਤਾ ਜਾਵੇਗਾ। ਹਾਲਾਂਕਿ, ਟਰੰਪ ਨੇ ਇਹ ਵੀ ਕਿਹਾ ਕਿ ਜੰਗਬੰਦੀ ਖ਼ਤਮ ਹੋਣ ਦੇ ਬਾਵਜੂਦ ਅਮਰੀਕਾ ਗੱਲਬਾਤ ਦੇ ਰਸਤੇ ਖੁੱਲ੍ਹੇ ਰੱਖੇਗਾ।
ਇਹ ਸਾਰਾ ਵਿਵਾਦ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਸ਼ਨੀਵਾਰ ਨੂੰ ਈਰਾਨ ਅਤੇ ਓਮਾਨ ਦੇ ਵਿਦੇਸ਼ ਮੰਤਰੀਆਂ ਵਿਚਕਾਰ ਹੋਰਮੁਜ਼ ਦੇ ਲਾਂਘੇ ਨੂੰ ਲੈ ਕੇ ਹੋਈ ਉੱਚ-ਪੱਧਰੀ ਮੀਟਿੰਗ ਬੇਸਿੱਟਾ ਰਹੀ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕਾ 'ਤੇ ਦੋਸ਼ ਲਗਾਇਆ ਕਿ ਵਾਸ਼ਿੰਗਟਨ ਨੇ ਈਰਾਨ ਨੂੰ ਖੁੱਲ੍ਹੇ ਬਾਜ਼ਾਰ ਵਿੱਚ ਡਾਲਰਾਂ ਬਦਲੇ ਕੱਚਾ ਤੇਲ ਵੇਚਣ ਦੀ ਮਿਲੀ ਛੋਟ ਨੂੰ ਰੱਦ ਕਰਕੇ 'ਅੰਤਰਿਮ ਸਮਝੌਤੇ' ਦੀ ਸ਼ਰੇਆਮ ਉਲੰਘਣਾ ਕੀਤੀ ਹੈ।
ਦੂਜੇ ਪਾਸੇ, ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਛੋਟਾਂ ਸਮੁੰਦਰੀ ਜਹਾਜ਼ਾਂ 'ਤੇ ਹੋਏ ਈਰਾਨੀ ਹਮਲਿਆਂ ਦੇ ਜਵਾਬ ਵਿੱਚ ਖ਼ਤਮ ਕੀਤੀਆਂ ਗਈਆਂ ਸਨ, ਕਿਉਂਕਿ ਈਰਾਨੀ ਕੱਟੜਪੰਥੀਆਂ ਦੇ ਇੱਕ ਬਾਗੀ ਧੜੇ ਵੱਲੋਂ ਲਗਾਤਾਰ ਜੰਗਬੰਦੀ ਨੂੰ ਪਟੜੀ ਤੋਂ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਫਿਲਹਾਲ ਵ੍ਹਾਈਟ ਹਾਊਸ ਅਤੇ ਅਮਰੀਕੀ ਫ਼ੌਜ ਨੇ ਹੋਰਮੁਜ਼ ਦੇ ਤਾਜ਼ਾ ਘਟਨਾਕ੍ਰਮ 'ਤੇ ਚੁੱਪੀ ਧਾਰੀ ਹੋਈ ਹੈ, ਪਰ ਖਾੜੀ ਖੇਤਰ ਵਿੱਚ ਬਾਰੂਦ ਦਾ ਢੇਰ ਕਿਸੇ ਵੀ ਵੇਲੇ ਸੁਲਗ ਸਕਦਾ ਹੈ।
Get all latest content delivered to your email a few times a month.