ਤਾਜਾ ਖਬਰਾਂ
ਤਰਨਤਾਰਨ ਜ਼ਿਲ੍ਹੇ ਵਿੱਚ ਸਰਹੱਦ ਪਾਰ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਅਤੇ ਬਾਰਡਰ ਸਿਕਿਉਰਟੀ ਫੋਰਸ (BSF) ਨੇ ਸਾਂਝੇ ਆਪ੍ਰੇਸ਼ਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸੁਰੱਖਿਆ ਏਜੰਸੀਆਂ ਨੇ ਲੱਖਣਾ ਪਿੰਡ ਦੇ ਖੇਤਾਂ ਵਿੱਚੋਂ 10 ਕਿਲੋ 900 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਨੂੰ ਮੁੱਢਲੀ ਜਾਂਚ ਅਨੁਸਾਰ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਸੁੱਟਿਆ ਗਿਆ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਖੇਪ ਦੀ ਕੀਮਤ ਕਰੀਬ 55 ਕਰੋੜ ਰੁਪਏ ਅੰਕੀ ਜਾ ਰਹੀ ਹੈ।
ਪੁਲਿਸ ਅਨੁਸਾਰ ਵਲਟੋਹਾ ਥਾਣੇ ਨੂੰ ਦੇਰ ਰਾਤ ਗੁਪਤ ਸੂਚਨਾ ਮਿਲੀ ਸੀ ਕਿ ਲੱਖਣਾ ਪਿੰਡ ਦੇ ਬਹਿਕਣ ਇਲਾਕੇ ਵਿੱਚ ਜਸਵਿੰਦਰ ਸਿੰਘ ਪੁੱਤਰ ਬਾਲੀ ਸਿੰਘ ਦੇ ਖੇਤ ਵਿੱਚ ਡਰੋਨ ਰਾਹੀਂ ਕੁਝ ਸ਼ੱਕੀ ਪੈਕੇਟ ਸੁੱਟੇ ਗਏ ਹਨ। ਸੂਚਨਾ ਮਿਲਦੇ ਹੀ ਵਲਟੋਹਾ ਥਾਣੇ ਦੇ ਮੁਖੀ ਸਬ-ਇੰਸਪੈਕਟਰ ਵਿਪਿਨ ਕੁਮਾਰ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ BSF ਦੇ ਜਵਾਨਾਂ ਨਾਲ ਮਿਲ ਕੇ ਇਲਾਕੇ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਖੇਤਾਂ ਵਿੱਚੋਂ ਇੱਕ ਪਲਾਸਟਿਕ ਦਾ ਬੈਗ ਅਤੇ ਕਈ ਖੁੱਲ੍ਹੇ ਪੈਕੇਟ ਬਰਾਮਦ ਕੀਤੇ ਗਏ। ਜਾਂਚ ਕਰਨ 'ਤੇ ਇਨ੍ਹਾਂ ਵਿੱਚੋਂ ਕੁੱਲ 10 ਕਿਲੋ 900 ਗ੍ਰਾਮ ਹੈਰੋਇਨ ਮਿਲੀ, ਜਿਸ ਨੂੰ ਤੁਰੰਤ ਕਬਜ਼ੇ ਵਿੱਚ ਲੈ ਲਿਆ ਗਿਆ। ਪੁਲਿਸ ਨੇ ਇਸ ਸਬੰਧੀ ਵਲਟੋਹਾ ਥਾਣੇ ਵਿੱਚ ਅਣਪਛਾਤੇ ਤਸਕਰਾਂ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀਆਂ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਇਹ ਖੇਪ ਕਿਸ ਲਈ ਭੇਜੀ ਗਈ ਸੀ ਅਤੇ ਇਸ ਦੇ ਪਿੱਛੇ ਕੰਮ ਕਰ ਰਹੇ ਨੈੱਟਵਰਕ ਨਾਲ ਕੌਣ-ਕੌਣ ਜੁੜਿਆ ਹੋਇਆ ਹੈ।
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਹੋਰ ਗੈਰ-ਕਾਨੂੰਨੀ ਸਮੱਗਰੀ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਚੁਣੌਤੀ ਨਾਲ ਨਜਿੱਠਣ ਲਈ BSF ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ, ਆਧੁਨਿਕ ਨਿਗਰਾਨੀ ਤਕਨੀਕ, ਰਾਤਰੀ ਗਸ਼ਤ ਅਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਸਰਹੱਦ ਪਾਰੋਂ ਹੋਣ ਵਾਲੀ ਤਸਕਰੀ ਨੂੰ ਰੋਕਣ ਲਈ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਰ ਤੇਜ਼ ਕੀਤੀਆਂ ਜਾਣਗੀਆਂ।
Editor in Chief
ਕੱਪੜ ਛਾਣ
Get all latest content delivered to your email a few times a month.