IMG-LOGO
ਹੋਮ ਅੰਤਰਰਾਸ਼ਟਰੀ, ਖੇਡਾਂ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ: ਦੁਨੀਆ ਨੂੰ ਪਹਿਲੀ ਵਾਰ...

ਕ੍ਰਿਕਟ ਜਗਤ 'ਚ ਸੋਗ ਦੀ ਲਹਿਰ: ਦੁਨੀਆ ਨੂੰ ਪਹਿਲੀ ਵਾਰ 6 ਗੇਂਦਾਂ 'ਚ 6 ਛੱਕੇ ਦਿਖਾਉਣ ਵਾਲੇ ਮਹਾਨ ਆਲਰਾਊਂਡਰ ਸਰ ਗੈਰੀ ਸੋਬਰਸ ਦਾ 89 ਸਾਲ...

Admin User - Jul 18, 2026 12:08 PM
IMG

ਵਿਸ਼ਵ ਕ੍ਰਿਕਟ ਦੇ ਇਤਿਹਾਸ ਨੂੰ ਆਪਣੀ ਬੇਮਿਸਾਲ ਖੇਡ ਨਾਲ ਨਵੀਂ ਉਚਾਈਆਂ 'ਤੇ ਲੈ ਕੇ ਜਾਣ ਵਾਲੇ ਸਰਵਕਾਲੀ ਮਹਾਨ ਆਲਰਾਊਂਡਰ ਸਰ ਗੈਰੀ ਸੋਬਰਸ ਹੁਣ ਸਾਡੇ ਵਿਚਕਾਰ ਨਹੀਂ ਰਹੇ। ਸ਼ੁੱਕਰਵਾਰ ਨੂੰ 89 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਅਧਿਕਾਰਤ ਤੌਰ 'ਤੇ ਉਨ੍ਹਾਂ ਦੇ ਅਕਾਲ ਚਲਾਣੇ ਦੀ ਪੁਸ਼ਟੀ ਕੀਤੀ ਹੈ, ਹਾਲਾਂਕਿ ਮੌਤ ਦੇ ਮੁੱਖ ਕਾਰਨਾਂ ਦਾ ਹਾਲੇ ਖੁਲਾਸਾ ਨਹੀਂ ਕੀਤਾ ਗਿਆ। ਸਰ ਗੈਰੀ ਸੋਬਰਸ ਉਹ ਇਤਿਹਾਸਕ ਖਿਡਾਰੀ ਸਨ, ਜਿਨ੍ਹਾਂ ਨੇ ਦੁਨੀਆ ਨੂੰ ਸਭ ਤੋਂ ਪਹਿਲਾਂ ਇਹ ਦਿਖਾਇਆ ਸੀ ਕਿ ਕ੍ਰਿਕਟ ਦੇ ਮੈਦਾਨ 'ਤੇ ਇੱਕ ਓਵਰ ਵਿੱਚ ਲਗਾਤਾਰ ਛੇ ਛੱਕੇ ਵੀ ਮਾਰੇ ਜਾ ਸਕਦੇ ਹਨ। ਉਨ੍ਹਾਂ ਦੇ ਇਸ ਰਿਕਾਰਡ ਤੋਂ ਬਾਅਦ ਹੀ ਭਾਰਤ ਦੇ ਰਵੀ ਸ਼ਾਸਤਰੀ ਅਤੇ ਯੁਵਰਾਜ ਸਿੰਘ ਵਰਗੇ ਦਿੱਗਜਾਂ ਨੇ ਇਸ ਕਾਰਨਾਮੇ ਨੂੰ ਦੁਹਰਾਇਆ ਸੀ।


ਸਾਲ 1965 ਵਿੱਚ ਵੈਸਟਇੰਡੀਜ਼ ਟੀਮ ਦੀ ਕਮਾਨ ਸੰਭਾਲਣ ਵਾਲੇ ਸਰ ਗੈਰੀ ਸੋਬਰਸ ਨੇ 1968 ਵਿੱਚ ਨਾਟਿੰਘਮਸ਼ਾਇਰ ਵੱਲੋਂ ਖੇਡਦਿਆਂ ਗਲੈਮਰਗਨ ਦੇ ਗੇਂਦਬਾਜ਼ ਮੈਲਕਮ ਨੈਸ਼ ਦੇ ਇੱਕ ਓਵਰ ਵਿੱਚ 6 ਛੱਕੇ ਜੜ ਕੇ ਪ੍ਰਥਮ ਸ਼੍ਰੇਣੀ ਕ੍ਰਿਕਟ ਵਿੱਚ ਵਿਸ਼ਵ ਰਿਕਾਰਡ ਬਣਾਇਆ ਸੀ।


ਹਰ ਫਨ ਮੌਲਾ ਖਿਡਾਰੀ: ਉਹ ਖੱਬੇ ਹੱਥ ਦੇ ਇੱਕ ਬੇਹੱਦ ਵਿਸਫੋਟਕ ਬੱਲੇਬਾਜ਼ ਹੋਣ ਦੇ ਨਾਲ-ਨਾਲ ਤੇਜ਼ ਅਤੇ ਸਪਿਨ ਦੋਵਾਂ ਤਰ੍ਹਾਂ ਦੀ ਗੇਂਦਬਾਜ਼ੀ ਕਰਨ ਵਿੱਚ ਮਾਹਿਰ ਸਨ ਅਤੇ ਮੈਦਾਨ 'ਤੇ ਸ਼ਾਨਦਾਰ ਫੀਲਡਿੰਗ ਲਈ ਜਾਣੇ ਜਾਂਦੇ ਸਨ।


ਸਦੀ ਦੇ ਮਹਾਨ ਖਿਡਾਰੀ: 'ਵਿਜ਼ਡਨ ਅਲਮਨੈਕ' ਨੇ ਉਨ੍ਹਾਂ ਨੂੰ 20ਵੀਂ ਸਦੀ ਦੇ 5 ਮਹਾਨ ਕ੍ਰਿਕਟਰਾਂ ਵਿੱਚ ਸ਼ਾਮਲ ਕੀਤਾ ਸੀ, ਜਦੋਂ ਕਿ ਮਹਾਨ ਬੱਲੇਬਾਜ਼ ਸਰ ਡੌਨ ਬ੍ਰੈਡਮੈਨ ਨੇ ਉਨ੍ਹਾਂ ਨੂੰ ਆਪਣੇ ਦੌਰ ਦਾ ਸਭ ਤੋਂ ਸਰਵੋਤਮ ਆਲਰਾਊਂਡਰ ਐਲਾਨਿਆ ਸੀ।


28 ਜੁਲਾਈ 1936 ਨੂੰ ਬਾਰਬਾਡੋਸ ਦੇ ਸੈਂਟ ਮਾਈਕਲ ਵਿੱਚ ਜਨਮੇ ਗਾਰਫੀਲਡ ਸੈਂਟ ਆਬਰਨ ਸੋਬਰਸ (ਗੈਰੀ ਸੋਬਰਸ) ਦਾ ਜਨਮ ਦੋਵਾਂ ਹੱਥਾਂ ਵਿੱਚ ਇੱਕ-ਇੱਕ ਵਾਧੂ ਉਂਗਲ ਨਾਲ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਨੇ ਖੁਦ ਹੀ ਇੱਕ ਤੇਜ਼ ਚਾਕੂ ਅਤੇ ਸਰਜੀਕਲ ਟਾਂਕੇ ਦੀ ਮਦਦ ਨਾਲ ਇਨ੍ਹਾਂ ਵਾਧੂ ਉਂਗਲਾਂ ਨੂੰ ਹਟਾ ਦਿੱਤਾ ਸੀ। ਜਦੋਂ ਉਹ ਮਹਿਜ਼ 5 ਸਾਲ ਦੇ ਸਨ, ਤਾਂ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨ ਹਮਲੇ ਵਿੱਚ ਉਨ੍ਹਾਂ ਦੇ ਪਿਤਾ (ਜੋ ਮਰਚੈਂਟ ਨੇਵੀ ਵਿੱਚ ਸਨ) ਸ਼ਹੀਦ ਹੋ ਗਏ। ਉਨ੍ਹਾਂ ਦੀ ਮਾਤਾ ਥੇਲਮਾ ਨੇ ਇਕੱਲਿਆਂ ਹੀ 6 ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ। ਸੋਬਰਸ ਨੇ ਆਪਣੀ ਆਤਮਕਥਾ ਵਿੱਚ ਲਿਖਿਆ ਹੈ ਕਿ ਮੁਸ਼ਕਿਲ ਹਾਲਾਤ ਦੇ ਬਾਵਜੂਦ ਉਨ੍ਹਾਂ ਦੀ ਮਾਂ ਨੇ ਬੱਚਿਆਂ ਦੀ ਪੜ੍ਹਾਈ ਅਤੇ ਰੋਟੀ ਵਿੱਚ ਕਦੇ ਕੋਈ ਕਮੀ ਨਹੀਂ ਆਉਣ ਦਿੱਤੀ।


ਫੁੱਟਬਾਲ ਅਤੇ ਬਾਸਕਟਬਾਲ ਵਿੱਚ ਵੀ ਦਿਲਚਸਪੀ ਰੱਖਣ ਵਾਲੇ ਸੋਬਰਸ ਦਾ ਪਹਿਲਾ ਪਿਆਰ ਕ੍ਰਿਕਟ ਹੀ ਸੀ। ਬਚਪਨ ਵਿੱਚ ਉਹ ਤਾਰ ਦੀ ਗੇਂਦ ਅਤੇ ਲੱਕੜ ਦੇ ਟੁਕੜੇ ਨਾਲ ਸਮੁੰਦਰ ਦੇ ਕੰਢੇ 'ਲਿਲੀਪੁਟੀਅਨ ਕ੍ਰਿਕਟ' ਖੇਡਦੇ ਹੁੰਦੇ ਸਨ। ਮਹਿਜ਼ 16 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਬਾਰਬਾਡੋਸ ਲਈ ਫਸਟ ਕਲਾਸ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਅਤੇ 1954 ਵਿੱਚ ਵੈਸਟਇੰਡੀਜ਼ ਲਈ ਪਹਿਲਾ ਟੈਸਟ ਮੈਚ ਖੇਡਿਆ। 21 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਾਕਿਸਤਾਨ ਖ਼ਿਲਾਫ਼ ਨਾਬਾਦ 365 ਦੌੜਾਂ ਦੀ ਇਤਿਹਾਸਕ ਪਾਰੀ ਖੇਡ ਕੇ ਉਸ ਸਮੇਂ ਦਾ ਸਭ ਤੋਂ ਵੱਡਾ ਵਿਅਕਤੀਗਤ ਸਕੋਰ ਬਣਾਇਆ ਸੀ। ਉਹ ਅੱਜ ਵੀ ਟੈਸਟ ਕ੍ਰਿਕਟ ਵਿੱਚ ਤੀਹਰਾ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਸਭ ਤੋਂ ਨੌਜਵਾਨ ਬੱਲੇਬਾਜ਼ ਹਨ।


ਸਾਲ 1975 ਵਿੱਚ ਕ੍ਰਿਕਟ ਜਗਤ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਨੂੰ ਦੇਖਦੇ ਹੋਏ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਨੇ ਉਨ੍ਹਾਂ ਨੂੰ 'ਨਾਇਟਹੁੱਡ' (ਸਰ) ਦੀ ਉਪਾਧੀ ਨਾਲ ਨਿਵਾਜਿਆ ਸੀ। 1998 ਵਿੱਚ ਬਾਰਬਾਡੋਸ ਸਰਕਾਰ ਨੇ ਉਨ੍ਹਾਂ ਨੂੰ ਆਪਣੇ 10 ਅਧਿਕਾਰਤ ਰਾਸ਼ਟਰੀ ਨਾਇਕਾਂ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਦੇ ਨਾਮ 'ਤੇ 'ਸਰ ਗਾਰਫੀਲਡ ਸੋਬਰਸ ਸਪੋਰਟਸ ਕੰਪਲੈਕਸ' ਦਾ ਨਿਰਮਾਣ ਕਰਵਾਇਆ। ਦੱਖਣੀ ਅਫਰੀਕਾ ਦੇ ਮਹਾਨ ਨੇਤਾ ਨੈਲਸਨ ਮੰਡੇਲਾ ਵੀ ਸਰ ਗੈਰੀ ਸੋਬਰਸ ਨੂੰ ਆਪਣਾ ਸਭ ਤੋਂ ਪਸੰਦੀਦਾ ਕ੍ਰਿਕਟਰ ਮੰਨਦੇ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਅੰਤਰਰਾਸ਼ਟਰੀ ਕ੍ਰਿਕਟ ਦੇ ਇੱਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ ਹੈ, ਜਿਸ ਦੀ ਪੂਰਤੀ ਕਦੇ ਨਹੀਂ ਕੀਤੀ ਜਾ ਸਕਦੀ। ਵਿਸ਼ਵ ਭਰ ਦੇ ਖੇਡ ਪ੍ਰੇਮੀ ਇਸ ਮਹਾਨ ਸ਼ਖ਼ਸੀਅਤ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕਰ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.