ਤਾਜਾ ਖਬਰਾਂ
ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ (India-US Trade Deal) ਖ਼ਿਲਾਫ਼ ਦੇਸ਼ ਭਰ ਦੇ ਅੰਨਦਾਤੇ ਨੇ ਇੱਕ ਵਾਰ ਫਿਰ ਦੇਸ਼ ਦੀ ਰਾਜਧਾਨੀ ਵੱਲ ਮੂੰਹ ਕਰ ਲਿਆ ਹੈ। ਦਿੱਲੀ ਦੇ 'ਕਿਸਾਨ ਘਾਟ' ਵਿਖੇ ਹੋਣ ਵਾਲੀ ਇਤਿਹਾਸਕ ਵਿਰੋਧ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਭਰ ਤੋਂ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਵੱਡੇ ਕਾਫ਼ਲੇ ਅੱਜ ਦਿੱਲੀ ਲਈ ਰਵਾਨਾ ਹੋ ਰਹੇ ਹਨ। ਕਿਸਾਨ ਮਜ਼ਦੂਰ ਮੋਰਚਾ (KMM), ਸੰਯੁਕਤ ਕਿਸਾਨ ਮੋਰਚਾ (SKM) ਅਤੇ ਬੀ.ਕੇ.ਯੂ. ਏਕਤਾ ਸੰਘਰਸ਼ ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਪਿੰਡ-ਪਿੰਡ ਲਾਮਬੰਦੀ ਕਰਕੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ।
ਅੰਦੋਲਨ ਨੂੰ ਸੁਚਾਰੂ ਅਤੇ ਅਨੁਸ਼ਾਸਨਬੱਧ ਤਰੀਕੇ ਨਾਲ ਚਲਾਉਣ ਲਈ ਕਿਸਾਨ ਆਗੂਆਂ ਵੱਲੋਂ ਵਿਸ਼ੇਸ਼ ਰੂਟ ਤੈਅ ਕੀਤੇ ਗਏ ਹਨ।
ਇਕੱਠ ਦੇ ਸਥਾਨ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਅਨੁਸਾਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਕਿਸਾਨ ਸਵੇਰੇ 'ਬਿਆਸ' ਵਿਖੇ ਇਕੱਤਰ ਹੋਣਗੇ।
ਤਰਨਤਾਰਨ ਖੇਤਰ ਦੇ ਕਾਫ਼ਲੇ ਗੋਇੰਦਵਾਲ ਸਾਹਿਬ ਤੋਂ ਦਿੱਲੀ ਲਈ ਕੂਚ ਕਰਨਗੇ, ਜਦੋਂ ਕਿ ਬਾਕੀ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਵੀ ਨਿਸ਼ਚਿਤ ਸਥਾਨਾਂ ਤੋਂ ਬੱਸਾਂ ਅਤੇ ਨਿੱਜੀ ਵਾਹਨਾਂ ਰਾਹੀਂ ਰਵਾਨਾ ਕੀਤਾ ਜਾ ਰਿਹਾ ਹੈ।
ਸਰਵਣ ਸਿੰਘ ਪੰਧੇਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਮਰੀਕਾ ਨਾਲ ਇਹ ਵਪਾਰਕ ਡੀਲ ਕਰਦੀ ਹੈ ਤਾਂ ਇਸ ਨਾਲ ਦੇਸ਼ ਦੇ ਛੋਟੇ ਕਿਸਾਨ ਅਤੇ ਡੇਅਰੀ ਉਤਪਾਦਕ ਬਰਬਾਦ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਤਹਿਤ ਅਮਰੀਕੀ ਮੱਕੀ, ਸੋਇਆਬੀਨ, ਕਪਾਹ, ਸੁੱਕੇ ਮੇਵੇ, ਸੇਬ ਅਤੇ ਨਾਸ਼ਪਾਤੀ ਵਰਗੀਆਂ ਫ਼ਸਲਾਂ ਨੂੰ ਬਿਨਾਂ ਕਿਸੇ ਸਖ਼ਤ ਚੁੰਗੀ (Duties) ਜਾਂ ਸੁਰੱਖਿਆ ਨਿਯਮਾਂ ਦੇ ਭਾਰਤੀ ਬਾਜ਼ਾਰ 'ਚ ਉਤਾਰਨ ਦੀ ਯੋਜਨਾ ਹੈ, ਜੋ ਸਥਾਨਕ ਮੰਡੀ ਢਾਂਚੇ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦੇਵੇਗੀ।
21 ਜੁਲਾਈ ਨੂੰ ਹੋਣ ਵਾਲੀ ਇਸ ਮੈਗਾ ਰੈਲੀ ਵਿੱਚ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਓਡੀਸ਼ਾ ਸਮੇਤ ਅੱਧਾ ਦਰਜਨ ਤੋਂ ਵੱਧ ਰਾਜਾਂ ਦੇ ਲੱਖਾਂ ਕਿਸਾਨ-ਮਜ਼ਦੂਰ ਹਿੱਸਾ ਲੈ ਰਹੇ ਹਨ।
ਕਿਸਾਨ ਲੀਡਰਸ਼ਿਪ ਨੇ ਕੇਂਦਰ ਸਰਕਾਰ ਅਤੇ ਦਿੱਲੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਇਸ ਲੋਕਤੰਤਰੀ ਅਤੇ ਸ਼ਾਂਤੀਪੂਰਨ ਹੱਕ ਨੂੰ ਰੋਕਣ ਲਈ ਰਾਸਤੇ 'ਚ ਬੈਰੀਕੇਡ ਜਾਂ ਰੋਕਾਂ ਨਾ ਲਗਾਈਆਂ ਜਾਣ। ਪੰਧੇਰ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ ਅਤੇ 21 ਜੁਲਾਈ ਨੂੰ ਸ਼ਾਮ 4 ਵਜੇ ਤੱਕ ਆਪਣੀਆਂ ਮੰਗਾਂ ਕੇਂਦਰ ਤੱਕ ਪਹੁੰਚਾ ਕੇ ਸਮਾਪਤ ਕਰ ਦਿੱਤਾ ਜਾਵੇਗਾ।
Get all latest content delivered to your email a few times a month.