ਤਾਜਾ ਖਬਰਾਂ
ਅਮਰੀਕਾ ਦੀ ਕੇਂਦਰੀ ਜਾਂਚ ਏਜੰਸੀ ਐੱਫ਼.ਬੀ.ਆਈ. (FBI) ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਨੈੱਟਵਰਕ ਖ਼ਿਲਾਫ਼ ਵਿੱਢੀ ਮੁਹਿੰਮ ਅਧੀਨ ਇੱਕ ਭਾਰਤੀ ਨਾਗਰਿਕ ਹਰਮਨਵੀਰ ਸਿੰਘ ਨੂੰ ਕੈਲੀਫੋਰਨੀਆ ਤੋਂ ਹਿਰਾਸਤ ਵਿੱਚ ਲਿਆ ਹੈ। ਐੱਫ਼.ਬੀ.ਆਈ. ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਅਨੁਸਾਰ, ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਮਦਦ ਨਾਲ ਇਹ ਗ੍ਰਿਫ਼ਤਾਰੀ ਮੰਗਲਵਾਰ ਨੂੰ ਸਟਾਕਟਨ ਸ਼ਹਿਰ ਤੋਂ ਕੀਤੀ ਗਈ। ਮੁਲਜ਼ਮ 'ਤੇ ਕੈਨੇਡਾ ਸਥਿਤ 'ਰਵਿੰਦਰ ਢੰਡਾ ਗੈਂਗ' ਲਈ ਕੰਮ ਕਰਨ ਅਤੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਗੰਭੀਰ ਦੋਸ਼ ਹਨ।
ਇਹ ਕਾਰਵਾਈ ਅਮਰੀਕੀ ਜਾਂਚ ਏਜੰਸੀਆਂ ਵੱਲੋਂ ਭਾਰਤ ਨਾਲ ਜੁੜੇ ਤਿੰਨ ਵੱਡੇ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ—ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਰਵਿੰਦਰ ਢੰਡਾ ਗੈਂਗ—ਦੇ ਨੈੱਟਵਰਕ ਨੂੰ ਤੋੜਨ ਲਈ ਚਲਾਏ ਗਏ ਵਿਸ਼ੇਸ਼ 'ਆਪ੍ਰੇਸ਼ਨ ਹਾਰਡ ਬਾਲ' (Operation Hard Ball) ਦੇ ਹਿੱਸੇ ਵਜੋਂ ਕੀਤੀ ਗਈ ਹੈ।
ਜਾਂਚ ਏਜੰਸੀ ਅਨੁਸਾਰ ਵੈਨਕੂਵਰ (ਕੈਨੇਡਾ) ਤੋਂ ਚੱਲਣ ਵਾਲਾ 'ਰਵਿੰਦਰ ਢੰਡਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ' ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਤੱਕ ਕੋਕੀਨ ਅਤੇ ਮੈਥਾਮਫੇਟਾਮਾਈਨ ਵਰਗੇ ਖ਼ਤਰਨਾਕ ਨਸ਼ਿਆਂ ਦੀ ਸਪਲਾਈ ਕਰਦਾ ਹੈ। ਹਰਮਨਵੀਰ ਸਿੰਘ ਖ਼ਿਲਾਫ਼ 23 ਜੂਨ, 2026 ਨੂੰ ਲਾਸ ਏਂਜਲਸ ਦੀ ਸੰਘੀ ਅਦਾਲਤ (US District Court) ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।
ਗਲੋਬਲ ਐਕਸ਼ਨ 'ਚ ਹੁਣ ਤੱਕ 37 ਲੋਕ ਨਾਮਜ਼ਦ, 24 ਦੀ ਹੋ ਚੁੱਕੀ ਗ੍ਰਿਫ਼ਤਾਰੀ
'ਆਪ੍ਰੇਸ਼ਨ ਹਾਰਡ ਬਾਲ' ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸਾਂਝੇ ਤੌਰ 'ਤੇ ਵੱਡੀ ਕਾਰਵਾਈ ਕੀਤੀ ਹੈ। ਅਮਰੀਕੀ ਨਿਆਂ ਵਿਭਾਗ (US Department of Justice) ਵੱਲੋਂ ਦਾਇਰ ਚਾਰਜਸ਼ੀਟ ਵਿੱਚ ਕੁੱਲ 37 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 24 ਮੁਲਜ਼ਮਾਂ ਨੂੰ (ਜਿਸ ਵਿੱਚ 11 ਕੈਲੀਫੋਰਨੀਆ ਤੋਂ ਹਨ) ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਗਲੋਬਲ ਡਰੱਗ ਨੈੱਟਵਰਕ ਨਾਲ ਜੁੜੇ ਕਈ ਹੋਰ ਵੱਡੇ ਖ਼ੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।
Get all latest content delivered to your email a few times a month.