IMG-LOGO
ਹੋਮ ਅੰਤਰਰਾਸ਼ਟਰੀ: Adelaide ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ’ਚ ਲੱਗੀ ਅੱਗ

Adelaide ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ’ਚ ਲੱਗੀ ਅੱਗ

Admin User - Jul 27, 2026 11:10 AM
IMG

ਦੱਖਣੀ ਆਸਟਰੇਲੀਆ ਦੇ ਐਡਲੇਡ (Adelaide) ਸ਼ਹਿਰ ’ਚ ਐਤਵਾਰ ਰਾਤ ਵਾਪਰੇ ਇਕ ਦਰਦਨਾਕ ਹਾਦਸੇ ’ਚ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਵਿਸ਼ਾਲ ਇਮਾਰਤ ਭਿਆਨਕ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਅਗਨਕਾਂਡ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਹਾ ਹੈ, ਜਿਸ ਨਾਲ ਪੂਰੇ ਵਿਸ਼ਵ ਦੀ ਸਿੱਖ ਸੰਗਤ ’ਚ ਸੋਗ ਦੀ ਲਹਿਰ ਫੈਲ ਗਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਮੁੱਖ ਹਾਲ ਦੀ ਛੱਤ ਪਾਲਕੀ ਸਾਹਿਬ ਦੇ ਉੱਪਰ ਡਿੱਗ ਜਾਣ ਕਾਰਨ ਪਾਵਨ ਸਰੂਪਾਂ ਦੀ ਮੌਜੂਦਾ ਸਥਿਤੀ ਬਾਰੇ ਫਿਲਹਾਲ ਕੁਝ ਵੀ ਸਪੱਸ਼ਟ ਕਹਿਣਾ ਜਲਦਬਾਜ਼ੀ ਹੋਵੇਗੀ। ਰਾਹਤ ਤੇ ਬਚਾਅ ਟੀਮਾਂ ਵੱਲੋਂ ਡਿੱਗੀ ਹੋਈ ਛੱਤ ਨੂੰ ਕੱਟ ਕੇ ਹਟਾਉਣ ਦੇ ਯਤਨ ਲਗਾਤਾਰ ਜਾਰੀ ਹਨ, ਜਿਸ ਤੋਂ ਬਾਅਦ ਹੀ ਪਾਵਨ ਸਰੂਪਾਂ ਦੀ ਸਹੀ ਸਥਿਤੀ ਦਾ ਪਤਾ ਲੱਗ ਸਕੇਗਾ। ਦੂਜੇ ਪਾਸੇ ਸਥਾਨਕ ਪ੍ਰਸ਼ਾਸਨ ਤੇ ਪੁਲੀਸ ਨੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਗ ਐਤਵਾਰ ਰਾਤ ਲਗਭਗ 10.30 ਵਜੇ (ਆਸਟਰੇਲੀਆਈ ਸਮੇਂ ਅਨੁਸਾਰ) ਲੰਗਰ ਹਾਲ ਦੀ ਰਸੋਈ ’ਚੋਂ ਸ਼ੁਰੂ ਹੋਈ। ਦੇਖਦੇ ਹੀ ਦੇਖਦੇ ਅੱਗ ਦੀਆਂ ਭਿਆਨਕ ਲਪਟਾਂ ਨੇ ਲੰਗਰ ਹਾਲ ਤੋਂ ਹੁੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਦੀਵਾਨ ਹਾਲ ਤੱਕ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ, ਯਾਨੀ ਰਾਤ 9.30 ਵਜੇ ਦੇ ਕਰੀਬ, ਐਤਵਾਰ ਦਾ ਰਾਤਰੀ ਦੀਵਾਨ ਸਮਾਪਤ ਹੋਇਆ ਸੀ।ਅੱਗ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਲੰਗਰ ਹਾਲ ਦੀ ਇਮਾਰਤ ਦੇ ਅੰਦਰ ਕਈ ਜ਼ੋਰਦਾਰ ਧਮਾਕੇ ਵੀ ਸੁਣੇ ਗਏ। ਅੱਗ ਦੀਆਂ ਲਪਟਾਂ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇੱਕ ਵੱਡਾ ਹਿੱਸਾ ਕੁਝ ਹੀ ਸਮੇਂ ਵਿੱਚ ਢਹਿ-ਢੇਰੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਐਮਰਜੈਂਸੀ ਸੇਵਾਵਾਂ ਨੇ ਮੌਕੇ ’ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਵਿਅਕਤੀ ਨੂੰ ਗੁਰਦੁਆਰਾ ਕੰਪਲੈਕਸ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ, ਪਰ ਜਾਂਚ ਅਧਿਕਾਰੀ ਇਮਾਰਤ ਦੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ। ਇਸ ਸਮੇਂ ਪੂਰੀ ਸਿੱਖ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.