ਤਾਜਾ ਖਬਰਾਂ
ਪੰਜਾਬ ਵਿੱਚ ਧਮਕੀ ਭਰੀਆਂ ਈਮੇਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਹੁਣ ਪਠਾਨਕੋਟ ਨਗਰ ਨਿਗਮ ਦੀ ਅਧਿਕਾਰਿਤ ਈਮੇਲ 'ਤੇ ਇੱਕ ਧਮਕੀ ਭਰਿਆ ਸੰਦੇਸ਼ ਪ੍ਰਾਪਤ ਹੋਇਆ ਹੈ, ਜਿਸ ਵਿੱਚ 15 ਅਗਸਤ ਨੂੰ ਪਠਾਨਕੋਟ ਦੇ ਕੁਝ ਸੰਵੇਦਨਸ਼ੀਲ ਸਥਾਨਾਂ 'ਤੇ ਬੰਬ ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਏ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਧਮਕੀ ਭਰੀ ਈਮੇਲ ਵਿੱਚ ਪਠਾਨਕੋਟ ਦੇ ਕਮਿਸ਼ਨਰ ਦਫ਼ਤਰ, ਆਰਮੀ ਸਕੂਲ ਅਤੇ ਆਰਮੀ ਸਟੇਸ਼ਨ/ਕੈਂਟੋਨਮੈਂਟ ਖੇਤਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਲਿਖੀ ਗਈ ਹੈ। ਈਮੇਲ ਵਿੱਚ ਵੱਖ-ਵੱਖ ਸਮੇਂ ਵੀ ਦਰਜ ਕੀਤੇ ਗਏ ਹਨ, ਜਿਨ੍ਹਾਂ ਮੁਤਾਬਕ ਕਮਿਸ਼ਨਰ ਦਫ਼ਤਰ ਨੂੰ ਸ਼ਾਮ 3:11 ਵਜੇ, ਆਰਮੀ ਸਕੂਲ ਨੂੰ ਦੁਪਹਿਰ 1:11 ਵਜੇ ਅਤੇ ਆਰਮੀ ਸਟੇਸ਼ਨ ਨੂੰ ਰਾਤ 9:11 ਵਜੇ ਆਈਈਡੀ ਰਾਹੀਂ ਧਮਾਕਾ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਈਮੇਲ ਵਿੱਚ ਫੌਜੀ ਜਵਾਨਾਂ ਨੂੰ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਅਤੇ ਆਰਮੀ ਸਟੇਸ਼ਨ ਖਾਲੀ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ। ਸੰਦੇਸ਼ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ 2026-27 ਦੌਰਾਨ ਆਰਮੀ ਸਟੇਸ਼ਨਾਂ ਅਤੇ ਆਰਮੀ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਈਮੇਲ ਦੇ ਸਰੋਤ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣ।
Get all latest content delivered to your email a few times a month.