ਤਾਜਾ ਖਬਰਾਂ
ਚੰਡੀਗੜ੍ਹ, 27 ਜੁਲਾਈ:
ਪੰਜਾਬੀ, ਹਿੰਦੀ ਅਤੇ ਗੁਰਮਤਿ ਸਾਹਿਤ ਦੇ ਮਹਾਨ ਵਿਦਵਾਨ ਪਦਮ ਸ਼੍ਰੀ ਡਾ ਰਤਨ ਸਿੰਘ ਜੱਗੀ ਦੇ 100ਵੇਂ ਜਨਮ ਦਿਵਸ ਮੌਕੇ ਪੰਜਾਬ ਕਲਾ ਪਰਿਸ਼ਦ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਯਾਦਗਾਰੀ ਸਮਾਗਮ ਕਰਵਾਇਆ ਗਿਆ।
ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਸੰਸਦ ਮੈਂਬਰ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪਦਮ ਭੂਸ਼ਣ ਸ. ਤਰਲੋਚਨ ਸਿੰਘ ਨੂੰ ਪਹਿਲੇ ਡਾ ਰਤਨ ਸਿੰਘ ਜੱਗੀ ਯਾਦਗਾਰੀ ਸਨਮਾਨ ਨਾਲ ਸਨਮਾਨਿਆ ਜਾਵੇਗਾ ਜਿਸ ਵਿਚ ਉਨ੍ਹਾਂ ਨੂੰ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ, ਦੁਸ਼ਾਲਾ ਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ।
ਸਪੀਕਰ ਸ. ਸੰਧਵਾਂ ਵੱਲੋਂ ਇਸ ਮੌਕੇ ਕਲਾ ਭਵਨ ਅੰਦਰ ਹੀ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਡਾ. ਰਤਨ ਸਿੰਘ ਜੱਗੀ ਓਪਨ ਏਅਰ ਥਿਏਟਰ ਅਤੇ ਉਹਨਾਂ ਦੇ ਬੁੱਤ ਦਾ ਵੀ ਉਦਘਾਟਨ ਕੀਤਾ ਗਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਅੱਜ ਅਸੀਂ ਇੱਕ ਕਰਮਯੋਗੀ ਦਾ ਦਿਨ ਮਨਾ ਰਹੇ ਹਾਂ ਜੋ ਸਹੀ ਮਾਅਨਿਆਂ ਵਿੱਚ ਯੁੱਗ ਪੁਰਸ਼ ਸਨ। ਉਨ੍ਹਾਂ ਕਿਹਾ ਕਿ ਡਾ ਜੱਗੀ ਦੀਆਂ ਰਚਨਾਵਾਂ ਸਮਾਜ ਨੂੰ ਜੋੜਨ ਵਾਲੀਆਂ ਸਨ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਜੋ ਸ. ਤਰਲੋਚਨ ਸਿੰਘ ਨੂੰ ਸਨਮਾਨਤ ਕਰ ਰਹੇ ਹਾਂ। ਤਰਲੋਚਨ ਸਿੰਘ ਨੇ ਪਾਰਲੀਮੈਂਟ ਵਿੱਚ ਸੱਚ ਦੀ ਆਵਾਜ਼ ਬਣਦਿਆਂ ਸਿੱਖਾਂ ਤੇ ਪੰਜਾਬੀਆਂ ਦੀ ਅਗਵਾਈ ਕੀਤੀ। ਉਨ੍ਹਾਂ ਜੱਗੀ ਪਰਿਵਾਰ ਵੱਲੋਂ ਫਾਊਡੇਸ਼ਨ ਰਾਹੀਂ ਕੀਤੇ ਉਪਰਾਲਿਆਂ ਦੀ ਉਚੇਚੇ ਤੌਰ ਉਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਕੌਮ ਆਪਣੀ ਭਾਸ਼ਾ, ਸਾਹਿਤ ਤੇ ਕਲਾ ਨਾਲ ਹੀ ਜਿਉਂਦੀ ਰਹਿੰਦੀ।
ਪਦਮ ਭੂਸ਼ਣ ਤਰਲੋਚਨ ਸਿੰਘ ਨੇ ਸੰਬੋਧਨ ਕਰਦਿਆਂ ਕਲਾ ਭਵਨ ਤੇ ਫਾਊਡੇਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਡਾ ਰਤਨ ਸਿੰਘ ਜੱਗੀ ਦੇ ਸਾਹਿਤਕ ਕਾਰਜਾਂ ਤੇ ਹੱਥ ਲਿਖਤ ਕਾਰਜਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਏ.ਆਈ. ਦੇ ਯੁੱਗ ਵਿੱਚ ਉਨ੍ਹਾਂ ਦੇ ਕਾਰਜਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਡਾ ਜੱਗੀ ਸਾਰਿਆਂ ਲਈ ਚਾਨਣ ਮੁਨਾਰਾ ਬਣੇ ਰਹਿਣਗੇ। ਉਨ੍ਹਾਂ ਸਨਮਾਨ ਵਿੱਚ ਮਿਲੀ ਰਾਸ਼ੀ ਫਾਊਡੇਸ਼ਨ ਨੂੰ ਵਾਪਸ ਕਰਦਿਆਂ ਕਿਹਾ ਕਿ ਇਸ ਰਾਸ਼ੀ ਨਾਲ ਡਾ ਰਤਨ ਸਿੰਘ ਜੱਗੀ ਦੀਆਂ ਪੁਸਤਕਾਂ ਨੌਜਵਾਨ ਪੀੜ੍ਹੀ ਨੂੰ ਮੁਫ਼ਤ ਵੰਡੀਆਂ ਜਾਣ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਸੰਬੋਧਨ ਕਰਦਿਆਂ ਕਲਾ ਪਰਿਸ਼ਦ ਵੱਲੋਂ ਕੀਤੇ ਕੰਮ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਡਾ ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਹਰ ਸਾਲ 27 ਜੁਲਾਈ ਨੂੰ ਦਿੱਤਾ ਜਾਇਆ ਕਰੇਗਾ ਜਿਸ ਦੀ ਅੱਜ ਸ਼ੁਰੂਆਤ ਹੋਈ। ਉਨ੍ਹਾਂ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਫਾਊਂਡੇਸ਼ਨ ਦਾ ਉਚੇਚਾ ਧੰਨਵਾਦ ਕੀਤਾ ਜਿਨ੍ਹਾਂ 20 ਲੱਖ ਰੁਪਏ ਖਰਚ ਕੇ ਕਲਾ ਭਵਨ ਦੇ ਓਪਨ ਥਿਏਟਰ ਦੀ ਕਾਇਆ ਕਲਪ ਕੀਤੀ।
ਡਾ ਅਮਰਜੀਤ ਸਿੰਘ ਵੱਲੋਂ ਡਾ.ਰਤਨ ਸਿੰਘ ਜੱਗੀ ਦੀ 'ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦੇਣ' ਉੱਤੇ ਭਾਸ਼ਣ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਡਾ ਜੱਗੀ ਨੇ ਛੇ ਦਹਾਕੇ ਤੋਂ ਵੱਧ ਸਮਾਂ ਪੂਰੀ ਤਨਦੇਹੀ ਅਤੇ ਸੁਹਿਰਦਤਾ ਨਾਲ ਮੱਧਕਾਲੀ ਸਾਹਿਤ ਦੇ ਲੇਖੇ ਲਾਏ ਹਨ। ਉਹ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ, ਫਾਰਸੀ ਅਤੇ ਸੰਸਕ੍ਰਿਤ ਦੀ ਗੂੜ੍ਹੀ ਸੂਝ ਤੇ ਮੁਹਾਰਤ ਰੱਖਣ ਵਾਲੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਕਿਤਾਬਾਂ, ਟੀਕਾਕਾਰੀ ਅਤੇ ਵਿਸ਼ਵਕੋਸ਼ ਵਰਗੀਆਂ ਬੇਮਿਸਾਲ ਰਚਨਾਵਾਂ ਨਾਲ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਵਿਆਪਕ ਅਤੇ ਗਿਆਨ ਭਰਪੂਰ ਯੋਗਦਾਨ ਪਾਇਆ।
ਕਲਾ ਪਰਿਸ਼ਦ ਦੇ ਵਾਈਸ ਚੇਅਰਮੈਨ ਡਾ. ਯੋਗਰਾਜ ਨੇ ਤਰਲੋਚਨ ਸਿੰਘ ਦਾ ਸਨਮਾਨ ਪੱਤਰ ਪੜ੍ਹਦਿਆਂ ਉਹਨਾਂ ਦੇ ਜੀਵਨ ਕਾਲ ਉੱਤੇ ਝਾਤ ਮਾਰਦਿਆਂ ਦੱਸਿਆ ਕਿ ਸ. ਤਰਲੋਚਨ ਸਿੰਘ, ਘੱਟ ਗਿਣਤੀਆਂ, ਧਰਮ, ਸਮਾਜ ਤੇ ਸੱਭਿਆਚਾਰ ਨੂੰ ਸਮਰਪਿਤ ਸ਼ਖਸੀਅਤ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਸਮੇਤ ਕਈ ਮਹੱਤਵਪੂਰਨ ਅਹੁਦਿਆਂ 'ਤੇ ਸੇਵਾ ਨਿਭਾਈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਦਫ਼ਤਰ ਤੱਕ ਆਪਣੀਆਂ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਉਪ-ਚੇਅਰਮੈਨ, ਚੇਅਰਮੈਨ ਅਤੇ ਰਾਜ ਸਭਾ ਦੇ ਮੈਂਬਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਹ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵੀ ਰਹੇ ਜਿੱਥੇ ਉਨ੍ਹਾਂ ਸਿਹਤਮੰਦ ਸਮਾਜ ਸਿਰਜਣ ਵਿੱਚ ਖੇਡਾਂ ਦੀ ਪ੍ਰਫੁੱਲਤਾ ਲਈ ਵਡੇਰਾ ਯੋਗਦਾਨ ਪਾਇਆ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਸਾਲ 2021 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਸਮਾਪਤੀ ਉਤੇ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਮਾਲਵਿੰਦਰ ਸਿੰਘ ਜੱਗੀ, ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਦੀ ਸ਼ੁਰੂਆਤ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ 'ਸ਼ਬਦ ਗਾਇਨ' ਕੀਤਾ ਗਿਆ।
ਇਸ ਮੌਕੇ ਵਿਧਾਇਕ ਸ ਗੁਰਦਿੱਤ ਸਿੰਘ ਸੇਖੋਂ, ਡਾ ਰਤਨ ਸਿੰਘ ਜੱਗੀ ਦੇ ਧਰਮਪਤਨੀ ਡਾ ਗੁਰਸ਼ਰਨ ਕੌਰ ਜੱਗੀ, ਅਮਰਜੀਤ ਸਿੰਘ ਗਰੇਵਾਲ, ਸਕੱਤਰ ਮਾਲ ਮਨਵੇਸ਼ ਸਿੰਘ ਸਿੱਧੂ, ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ, ਗੁਲਜ਼ਾਰ ਸਿੰਘ ਸੰਧੂ, ਡਾ ਦੀਪਕ ਮਨਮੋਹਨ ਸਿੰਘ, ਪਦਮ ਸ਼੍ਰੀ ਪ੍ਰਾਣ ਸੱਭਰਵਾਲ, ਪਦਮ ਸ਼੍ਰੀ ਜਗਜੀਤ ਸਿੰਘ ਦਰਦੀ ਸਮੇਤ ਸਾਹਿਤ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।
Get all latest content delivered to your email a few times a month.