ਤਾਜਾ ਖਬਰਾਂ
ਜਾਪਾਨ ਦੇ ਦੱਖਣੀ ਹਿੱਸੇ ਵਿੱਚ ਮੰਗਲਵਾਰ ਨੂੰ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਕਿਊਸ਼ੂ ਟਾਪੂ ਦੇ ਕਈ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਮੁਤਾਬਕ ਭੂਚਾਲ ਦਾ ਕੇਂਦਰ ਕੁਮਾਮੋਟੋ ਪ੍ਰੀਫੈਕਚਰ ਦੇ ਉਕੀ ਸ਼ਹਿਰ ਨੇੜੇ, ਧਰਤੀ ਤੋਂ ਕਰੀਬ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਤੋਂ ਤੁਰੰਤ ਬਾਅਦ ਏਜੰਸੀ ਨੇ ਕਰੀਬ 1 ਮੀਟਰ ਉੱਚੀਆਂ ਸੁਨਾਮੀ ਲਹਿਰਾਂ ਦੀ ਸੰਭਾਵਨਾ ਜਤਾਉਂਦੇ ਹੋਏ ਚੇਤਾਵਨੀ ਜਾਰੀ ਕਰ ਦਿੱਤੀ ਅਤੇ ਸਮੁੰਦਰੀ ਕੰਢਿਆਂ ਤੇ ਬੀਚਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਸਰਕਾਰ ਨੇ ਕੁਮਾਮੋਟੋ ਦੇ ਨਾਲ-ਨਾਲ ਨਾਗਾਸਾਕੀ, ਕਾਗੋਸ਼ੀਮਾ, ਫੁਕੂਓਕਾ, ਸਾਗਾ, ਓਇਟਾ ਅਤੇ ਮਿਆਜ਼ਾਕੀ ਪ੍ਰੀਫੈਕਚਰਾਂ ਲਈ ਐਮਰਜੈਂਸੀ ਭੂਚਾਲ ਚੇਤਾਵਨੀ ਜਾਰੀ ਕੀਤੀ। ਕੁਮਾਮੋਟੋ ਦੇ ਯਤਸੁਸ਼ੀਰੋ, ਉਟੋ, ਮਾਸ਼ੀਕੀ, ਮਿਸਾਟੋ ਅਤੇ ਕੁਮਾਮੋਟੋ ਸਿਟੀ ਦੇ ਮਿਨਾਮੀ ਵਾਰਡ ਵਿੱਚ ਸਭ ਤੋਂ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿੱਥੇ ਜਾਪਾਨ ਦੇ ਸ਼ਿੰਡੋ ਪੈਮਾਨੇ 'ਤੇ ਤੀਬਰਤਾ 6 ਦਰਜ ਕੀਤੀ ਗਈ। ਇਸ ਤੋਂ ਇਲਾਵਾ ਨਾਗਾਸਾਕੀ, ਕਾਗੋਸ਼ੀਮਾ, ਫੁਕੂਓਕਾ, ਸਾਗਾ ਅਤੇ ਮਿਆਜ਼ਾਕੀ ਵਿੱਚ ਵੀ 5 ਜਾਂ ਇਸ ਤੋਂ ਵੱਧ ਤੀਬਰਤਾ ਦੇ ਝਟਕੇ ਮਹਿਸੂਸ ਹੋਏ।
ਭੂਚਾਲ ਕਾਰਨ ਕਿਊਸ਼ੂ ਖੇਤਰ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਜੇਆਰ ਕਿਊਸ਼ੂ ਨੇ ਸੁਰੱਖਿਆ ਦੇ ਮੱਦੇਨਜ਼ਰ ਸ਼ਿੰਕਾਨਸੇਨ ਹਾਈ-ਸਪੀਡ ਟ੍ਰੇਨਾਂ ਸਮੇਤ ਕਈ ਰੇਲ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ। ਇਸੇ ਦੌਰਾਨ ਕਿਊਸ਼ੂ ਇਲੈਕਟ੍ਰਿਕ ਪਾਵਰ ਮੁਤਾਬਕ ਕਰੀਬ 45,600 ਘਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਬਿਜਲੀ ਬਹਾਲ ਕਰਨ ਦਾ ਕੰਮ ਜਾਰੀ ਹੈ। ਹਾਲਾਂਕਿ ਸੇਂਦਾਈ ਅਤੇ ਗੇਨਕਾਈ ਪਰਮਾਣੂ ਊਰਜਾ ਪਲਾਂਟਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਖ਼ਤਰੇ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ।
ਜ਼ਿਕਰਯੋਗ ਹੈ ਕਿ ਜਾਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ-ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ। ਇਹ ਦੇਸ਼ ਪ੍ਰਸ਼ਾਂਤ ਮਹਾਸਾਗਰ ਦੇ "ਰਿੰਗ ਆਫ਼ ਫਾਇਰ" ਖੇਤਰ ਵਿੱਚ ਸਥਿਤ ਹੋਣ ਕਾਰਨ ਇੱਥੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ ਅਤੇ ਦੁਨੀਆ ਦੇ ਵੱਡੇ ਭੂਚਾਲਾਂ ਦਾ ਮਹੱਤਵਪੂਰਨ ਹਿੱਸਾ ਜਾਪਾਨ ਵਿੱਚ ਹੀ ਦਰਜ ਕੀਤਾ ਜਾਂਦਾ ਹੈ। ਇਸੇ ਕਰਕੇ ਜਾਪਾਨ ਵਿੱਚ ਭੂਚਾਲਾਂ ਨਾਲ ਨਜਿੱਠਣ ਲਈ ਉੱਚ ਪੱਧਰੀ ਚੇਤਾਵਨੀ ਅਤੇ ਆਫ਼ਤ ਪ੍ਰਬੰਧਨ ਪ੍ਰਣਾਲੀ ਪਹਿਲਾਂ ਤੋਂ ਹੀ ਲਾਗੂ ਹੈ।
Get all latest content delivered to your email a few times a month.