ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਆਸਾਮ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਂਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਸਾਮ ਦੇ ਮੁੱਖ ਮੰਤਰੀ ਡਾ. ਹੇਮੰਤ ਬਿਸਵਾ ਸਰਮਾ ਨੂੰ ਪੱਤਰ ਲਿਖ ਕੇ ਹੜ੍ਹ ਰਾਹਤ ਅਤੇ ਮੁੜ ਵਸੇਬੇ ਦੇ ਕੰਮਾਂ ਵਿੱਚ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ।
ਪੱਤਰ ਵਿੱਚ ਐਡਵੋਕੇਟ ਧਾਮੀ ਨੇ ਹੜ੍ਹਾਂ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਗਹਿਰਾ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਬੇਘਰ ਹੋਏ ਪਰਿਵਾਰਾਂ ਦੀ ਪੀੜਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸਿੱਖੀ ਦੇ "ਸਰਬੱਤ ਦੇ ਭਲੇ" ਅਤੇ ਨਿਸ਼ਕਾਮ ਸੇਵਾ ਦੇ ਸਿਧਾਂਤਾਂ ਅਨੁਸਾਰ ਸ਼੍ਰੋਮਣੀ ਕਮੇਟੀ ਇਸ ਔਖੀ ਘੜੀ ਵਿੱਚ ਆਸਾਮ ਸਰਕਾਰ ਅਤੇ ਪ੍ਰਭਾਵਿਤ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਧਾਮੀ ਨੇ ਭਰੋਸਾ ਦਿੱਤਾ ਕਿ ਰਾਜ ਸਰਕਾਰ ਨਾਲ ਤਾਲਮੇਲ ਕਰਕੇ ਲੋੜ ਪੈਣ 'ਤੇ ਸੇਵਾਦਾਰਾਂ ਦੀਆਂ ਟੀਮਾਂ ਭੇਜੀਆਂ ਜਾਣਗੀਆਂ। ਇਸ ਦੇ ਨਾਲ ਹੀ ਲੰਗਰ ਸੇਵਾ, ਖਾਣ-ਪੀਣ ਦੀਆਂ ਵਸਤਾਂ, ਪੀਣ ਵਾਲਾ ਸਾਫ਼ ਪਾਣੀ, ਕੱਪੜੇ, ਕੰਬਲ, ਹੋਰ ਜ਼ਰੂਰੀ ਰਾਹਤ ਸਮੱਗਰੀ ਅਤੇ ਆਰਥਿਕ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾਂ ਆਸਾਮ ਸਰਕਾਰ ਨੂੰ ਅਪੀਲ ਕੀਤੀ ਕਿ ਰਾਹਤ ਕਾਰਜਾਂ ਲਈ ਸਬੰਧਤ ਨੋਡਲ ਅਧਿਕਾਰੀ ਜਾਂ ਵਿਭਾਗ ਦੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇ, ਤਾਂ ਜੋ ਬਿਨਾਂ ਕਿਸੇ ਦੇਰੀ ਤੋਂ ਲੋੜੀਂਦੀ ਮਦਦ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚਾਈ ਜਾ ਸਕੇ।
ਇਸ ਦੇ ਨਾਲ ਹੀ SGPC ਪ੍ਰਧਾਨ ਨੇ ਜਾਣਕਾਰੀ ਦਿੱਤੀ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਤੁਰੰਤ ਰਿਪੋਰਟ ਪੇਸ਼ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਿਸ਼ੇਸ਼ ਵਫ਼ਦ ਵੀ ਆਸਾਮ ਭੇਜਿਆ ਜਾ ਰਿਹਾ ਹੈ।
Get all latest content delivered to your email a few times a month.