ਤਾਜਾ ਖਬਰਾਂ
ਚੰਡੀਗੜ੍ਹ ਪੁਲਿਸ ਇੱਕ ਵਾਰ ਫਿਰ ਰਿਸ਼ਵਤਖੋਰੀ ਦੇ ਗੰਭੀਰ ਦੋਸ਼ਾਂ 'ਚ ਘਿਰ ਗਈ ਹੈ। ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਨੇ ਸੈਕਟਰ-26 ਅਧੀਨ ਆਉਂਦੀ ਬਾਪੂਧਾਮ ਪੁਲਿਸ ਚੌਕੀ ਦੇ ਇੰਚਾਰਜ ਇੰਸਪੈਕਟਰ ਸੁਰੇਸ਼ ਕੁਮਾਰ ਅਤੇ ਏਐਸਆਈ ਭਗਤ ਸਿੰਘ ਨੂੰ 2.50 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ ਹੈ। ਇਹ ਕਾਰਵਾਈ ਚੋਰੀ ਦੇ ਇੱਕ ਮਾਮਲੇ ਵਿੱਚ ਪਰਚਾ (FIR) ਦਰਜ ਕਰਨ ਬਦਲੇ ਮੰਗੀ ਗਈ ਵੱਡੀ ਰਕਮ ਦੀ ਪਹਿਲੀ ਕਿਸ਼ਤ ਵਸੂਲਣ ਸਮੇਂ ਜਾਲ ਵਿਛਾ ਕੇ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸ਼ਿਕਾਇਤ ਸੈਕਟਰ-13 ਦੇ ਰਹਿਣ ਵਾਲੇ ਸੁਖਜੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਸੀ, ਜੋ ਸੈਕਟਰ-26 'ਚ ਗਹਿਣਿਆਂ ਦੀ ਦੁਕਾਨ ਚਲਾਉਂਦੇ ਹਨ।
ਦੁਕਾਨ ਦੇ ਸਟੌਕ ਅਤੇ ਕੈਸ਼ ਰਜਿਸਟਰ ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ 250 ਗ੍ਰਾਮ ਸੋਨਾ, 10 ਕਿਲੋ ਚਾਂਦੀ ਅਤੇ ਭਾਰੀ ਨਕਦੀ ਗਾਇਬ ਸੀ। ਸੀਸੀਟੀਵੀ ਫੁਟੇਜ 'ਚ ਦੁਕਾਨ ਦੀ ਮੈਨੇਜਰ ਰੇਸ਼ਮਾ ਉਰਫ਼ ਰਾਣੀ ਕੈਸ਼ ਕਾਊਂਟਰ ਤੋਂ ਪੈਸੇ ਚੋਰੀ ਕਰਦੀ ਫੜੀ ਗਈ ਸੀ। ਸ਼ਿਕਾਇਤਕਰਤਾ ਨੇ 27 ਮਈ ਨੂੰ ਪੁਲਿਸ ਪੋਰਟਲ 'ਤੇ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ, ਜੋ ਜਾਂਚ ਲਈ ਬਾਪੂਧਾਮ ਚੌਕੀ ਭੇਜੀ ਗਈ ਸੀ।
ਸ਼ਿਕਾਇਤਕਰਤਾ ਨੇ ਸੀਬੀਆਈ ਕੋਲ ਖੁਲਾਸਾ ਕੀਤਾ ਕਿ ਜਾਂਚ ਅਧਿਕਾਰੀ ਏਐਸਆਈ ਭਗਤ ਸਿੰਘ ਨੇ ਮਾਮਲਾ ਚੌਕੀ ਇੰਚਾਰਜ ਇੰਸਪੈਕਟਰ ਸੁਰੇਸ਼ ਕੁਮਾਰ ਕੋਲ ਹੋਣ ਦਾ ਬਹਾਨਾ ਬਣਾ ਕੇ ਕੇਸ ਲਟਕਾ ਦਿੱਤਾ। "ਬਾਰ-ਬਾਰ ਗੇੜੇ ਮਾਰਨ ਦੇ ਬਾਵਜੂਦ ਜਦੋਂ ਪਰਚਾ ਦਰਜ ਨਾ ਹੋਇਆ ਤਾਂ 18 ਜੁਲਾਈ ਨੂੰ ਇੰਸਪੈਕਟਰ ਨੇ FIR ਲਈ 5 ਲੱਖ ਰੁਪਏ ਰਿਸ਼ਵਤ ਅਤੇ ਬਰਾਮਦ ਹੋਣ ਵਾਲੇ ਸਮਾਨ ਦਾ 20 ਫ਼ੀਸਦੀ ਹਿੱਸਾ ਮੰਗਿਆ।"
— ਸੁਖਜੀਤ ਸਿੰਘ (ਸ਼ਿਕਾਇਤਕਰਤਾ)
ਸ਼ਿਕਾਇਤ ਮਿਲਣ ਤੋਂ ਬਾਅਦ ਸੀਬੀਆਈ ਨੇ ਗੱਲਬਾਤ ਦੀ ਵੈਰੀਫਿਕੇਸ਼ਨ ਕੀਤੀ ਅਤੇ ਦੋਸ਼ ਸਹੀ ਪਾਏ ਜਾਣ 'ਤੇ 3 ਅਗਸਤ ਨੂੰ ਟਰੈਪ ਲਗਾਇਆ। ਜਿਵੇਂ ਹੀ ਢਾਈ ਲੱਖ ਰੁਪਏ ਦੀ ਪਹਿਲੀ ਕਿਸ਼ਤ ਸੌਂਪੀ ਗਈ, ਸੀਬੀਆਈ ਦੀ ਟੀਮ ਨੇ ਇੰਸਪੈਕਟਰ ਸੁਰੇਸ਼ ਕੁਮਾਰ ਅਤੇ ਏਐਸਆਈ ਭਗਤ ਸਿੰਘ ਨੂੰ ਮੌਕੇ 'ਤੇ ਹੀ ਧਰ ਲਿਆ ਅਤੇ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ। ਫਿਲਹਾਲ ਸੀਬੀਆਈ ਦੋਵਾਂ ਮੁਲਾਜ਼ਮਾਂ ਕੋਲੋਂ ਅੱਗੇ ਦੀ ਪੁੱਛਗਿੱਛ ਕਰ ਰਹੀ ਹੈ।
Get all latest content delivered to your email a few times a month.