ਤਾਜਾ ਖਬਰਾਂ
ਇੰਦੌਰ ਦੇ 31 ਸਾਲਾ ਮੇਜਰ ਹਮਜ਼ਾ ਆਰਿਫ਼ ਨੂੰ ਐਤਵਾਰ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਜੈਸਲਮੇਰ ਵਿੱਚ ਡਿਊਟੀ ਤੋਂ ਵਾਪਸ ਪਰਤਦੇ ਸਮੇਂ ਹੋਏ ਭਿਆਨਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਫੌਜ ਦੇ ਜਵਾਨ ਤਿਰੰਗੇ ਵਿੱਚ ਲਪੇਟੀ ਉਨ੍ਹਾਂ ਦੀ ਮ੍ਰਿਤਕ ਦੇਹ ਇੰਦੌਰ ਲੈ ਕੇ ਪਹੁੰਚੇ, ਜਿੱਥੇ ਪਰਿਵਾਰ, ਰਿਸ਼ਤੇਦਾਰਾਂ ਅਤੇ ਹਜ਼ਾਰਾਂ ਸ਼ਹਿਰ ਵਾਸੀਆਂ ਨੇ ਨਮ ਅੱਖਾਂ ਨਾਲ ਆਪਣੇ ਬਹਾਦਰ ਸਪੂਤ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ।
ਮੇਜਰ ਹਮਜ਼ਾ ਆਰਿਫ਼ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਨਿਵਾਸ ਤੋਂ ਸ਼ੁਰੂ ਹੋ ਕੇ ਸੈਫ਼ੀ ਨਗਰ ਮਸਜਿਦ ਪਹੁੰਚੀ, ਜਿੱਥੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਨਮਾਜ਼-ਏ-ਜਨਾਜ਼ਾ ਅਦਾ ਕੀਤੀ ਗਈ। ਇਸ ਤੋਂ ਬਾਅਦ ਫੌਜ ਦੀ ਟੁਕੜੀ ਦੀ ਅਗਵਾਈ ਵਿੱਚ ਅੰਤਿਮ ਯਾਤਰਾ ਮਾਨਿਕਬਾਗ ਪੁਲ, ਕੁਲੈਕਟਰ ਸਕੁਏਅਰ, ਰਾਜਵਾੜਾ ਅਤੇ ਸਦਰ ਬਾਜ਼ਾਰ ਰਾਹੀਂ ਇਮਲੀ ਬਾਜ਼ਾਰ ਸਥਿਤ ਸ਼ੀਆ ਦਾਊਦੀ ਬੋਹਰਾ ਕਬਰਸਤਾਨ ਤੱਕ ਪਹੁੰਚੀ। ਰਸਤੇ ਭਰ ਲੋਕ ਘਰਾਂ ਅਤੇ ਦੁਕਾਨਾਂ ਦੇ ਬਾਹਰ ਖੜ੍ਹ ਕੇ ਫੁੱਲ ਭੇਟ ਕਰਦੇ ਰਹੇ ਅਤੇ ਭਾਵੁਕ ਮਨ ਨਾਲ ਸਲਾਮੀ ਦਿੱਤੀ।
ਰਾਜਵਾੜਾ ਚੌਕ 'ਤੇ ਵੱਡੀ ਗਿਣਤੀ ਵਿੱਚ ਲੋਕ ਪਹਿਲਾਂ ਹੀ ਇਕੱਠੇ ਹੋ ਚੁੱਕੇ ਸਨ। ਜਿਵੇਂ ਹੀ ਫੌਜ ਦੀ ਗੱਡੀ ਉੱਥੇ ਪਹੁੰਚੀ, "ਭਾਰਤ ਮਾਤਾ ਦੀ ਜੈ" ਅਤੇ "ਮੇਜਰ ਹਮਜ਼ਾ ਆਰਿਫ਼ ਅਮਰ ਰਹਿਣ" ਦੇ ਨਾਅਰਿਆਂ ਨਾਲ ਪੂਰਾ ਇਲਾਕਾ ਗੂੰਜ ਉੱਠਿਆ। ਕਬਰਸਤਾਨ ਵਿੱਚ ਫੌਜ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਧਾਰਮਿਕ ਰਸਮਾਂ ਅਨੁਸਾਰ ਉਨ੍ਹਾਂ ਨੂੰ ਦਫ਼ਨਾਇਆ ਗਿਆ।
ਇਹ ਅੰਤਿਮ ਵਿਦਾਇਗੀ ਇਸ ਲਈ ਵੀ ਹੋਰ ਵਧੇਰੇ ਦਰਦਨਾਕ ਬਣ ਗਈ ਕਿਉਂਕਿ ਮੇਜਰ ਹਮਜ਼ਾ ਆਰਿਫ਼ ਦਾ ਵਿਆਹ ਸਿਰਫ਼ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਦੀ ਪਤਨੀ ਜੋਤੀ ਅਰੋੜਾ ਜਦੋਂ ਤਿਰੰਗੇ ਵਿੱਚ ਲਪੇਟੀ ਮ੍ਰਿਤਕ ਦੇਹ ਕੋਲ ਪਹੁੰਚੀ ਤਾਂ ਆਪਣੇ ਹੰਝੂ ਨਹੀਂ ਰੋਕ ਸਕੀ। ਗਾਰਡ ਆਫ਼ ਆਨਰ ਤੋਂ ਬਾਅਦ ਫੌਜੀ ਅਧਿਕਾਰੀਆਂ ਨੇ ਸਨਮਾਨ ਵਜੋਂ ਤਿਰੰਗਾ ਉਨ੍ਹਾਂ ਦੀ ਪਤਨੀ ਨੂੰ ਸੌਂਪਿਆ, ਜਿਸ ਨੇ ਮੌਜੂਦ ਹਰ ਵਿਅਕਤੀ ਨੂੰ ਭਾਵੁਕ ਕਰ ਦਿੱਤਾ।
ਮੇਜਰ ਹਮਜ਼ਾ ਦੇ ਪਿਤਾ ਫਖਰੂਦੀਨ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਲਗਭਗ ਇੱਕ ਮਹੀਨਾ ਪਹਿਲਾਂ ਹੀ ਵਿਆਹ ਕੀਤਾ ਸੀ ਅਤੇ ਛੁੱਟੀਆਂ ਬਿਤਾਉਣ ਤੋਂ ਬਾਅਦ ਮੁੜ ਡਿਊਟੀ 'ਤੇ ਪਰਤਿਆ ਸੀ। ਉਹ ਪਿਛਲੇ ਨੌਂ ਸਾਲਾਂ ਤੋਂ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਸਨ ਅਤੇ ਆਪਣੀ ਮਿਹਨਤ ਤੇ ਕਾਬਲੀਅਤ ਦੇ ਬਲ 'ਤੇ ਲੈਫਟੀਨੈਂਟ ਤੋਂ ਕੈਪਟਨ ਅਤੇ ਫਿਰ ਮੇਜਰ ਦੇ ਅਹੁਦੇ ਤੱਕ ਪਹੁੰਚੇ ਸਨ।
ਉਨ੍ਹਾਂ ਦੇ ਕਾਲਜ ਦੋਸਤ ਹਾਰਦਿਕ ਨੇ ਦੱਸਿਆ ਕਿ ਹਮਜ਼ਾ ਆਰਿਫ਼ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੀ ਆਰਾਮਦਾਇਕ ਕਰੀਅਰ ਦੀ ਥਾਂ ਦੇਸ਼ ਦੀ ਸੇਵਾ ਦਾ ਰਸਤਾ ਚੁਣਿਆ। ਉਹ ਆਪਣੇ ਦੋਸਤਾਂ ਵਿੱਚ ਸਭ ਤੋਂ ਹੋਣਹਾਰ ਵਿਦਿਆਰਥੀ ਸਨ ਅਤੇ ਫੌਜ ਵਿੱਚ ਅਫ਼ਸਰ ਬਣਨ ਵਾਲੇ ਪਹਿਲੇ ਸਾਥੀ ਸਨ। ਫਰੈਂਡਸ਼ਿਪ ਡੇ ਮੌਕੇ ਆਪਣੇ ਦੋਸਤ ਨੂੰ ਅੰਤਿਮ ਵਿਦਾਇਗੀ ਦੇਣਾ ਉਨ੍ਹਾਂ ਲਈ ਬੇਹੱਦ ਦੁਖਦਾਈ ਪਲ ਸੀ।
ਜ਼ਿਕਰਯੋਗ ਹੈ ਕਿ ਜੈਸਲਮੇਰ ਵਿੱਚ ਵੀਰਵਾਰ ਦੇਰ ਰਾਤ ਮੇਜਰ ਹਮਜ਼ਾ ਆਰਿਫ਼ ਦੋ ਹੋਰ ਫੌਜੀ ਅਧਿਕਾਰੀਆਂ ਨਾਲ ਡਿਊਟੀ ਤੋਂ ਬਾਅਦ ਆਪਣੇ ਕੈਂਪ ਵਾਪਸ ਪਰਤ ਰਹੇ ਸਨ। ਇਸ ਦੌਰਾਨ ਅਚਾਨਕ ਇੱਕ ਊਠ ਸੜਕ 'ਤੇ ਆ ਗਿਆ ਅਤੇ ਫੌਜੀ ਵਾਹਨ ਉਸ ਨਾਲ ਟਕਰਾ ਕੇ ਕਈ ਵਾਰ ਪਲਟ ਗਿਆ। ਹਾਦਸੇ ਵਿੱਚ ਤਿੰਨੇ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ। ਮੇਜਰ ਹਮਜ਼ਾ ਆਰਿਫ਼ ਨੂੰ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ, ਜਦਕਿ ਦੋ ਹੋਰ ਅਧਿਕਾਰੀਆਂ ਦਾ ਫੌਜੀ ਹਸਪਤਾਲ ਵਿੱਚ ਇਲਾਜ ਜਾਰੀ ਹੈ।
Get all latest content delivered to your email a few times a month.