ਤਾਜਾ ਖਬਰਾਂ
ਕਪੂਰਥਲਾ ਦੇ ਮੁਹੱਲਾ ਤਰਲੋਕੀ ਨਾਥ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਲਗਭਗ ਇੱਕ ਸਾਲ ਦੀ ਮਾਸੂਮ ਬੱਚੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ, ਮ੍ਰਿਤਕ ਬੱਚੀ ਦੀ ਪਛਾਣ ਖੁਸ਼ੀ, ਪੁੱਤਰੀ ਰਵੀ ਮਾਹਤੋ, ਵਾਸੀ ਮੁਹੱਲਾ ਤਰਲੋਕੀ ਨਾਥ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਖੁਸ਼ੀ ਘਰ ਵਿੱਚ ਖੇਡ ਰਹੀ ਸੀ। ਇਸ ਦੌਰਾਨ ਉਹ ਅਚਾਨਕ ਪਾਣੀ ਨਾਲ ਭਰੀ ਬਾਲਟੀ ਵਿੱਚ ਡਿੱਗ ਗਈ। ਜਦੋਂ ਪਰਿਵਾਰਕ ਮੈਂਬਰਾਂ ਦੀ ਨਜ਼ਰ ਉਸ 'ਤੇ ਪਈ ਤਾਂ ਉਨ੍ਹਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ।
ਹਸਪਤਾਲ ਵਿੱਚ ਡਿਊਟੀ 'ਤੇ ਤਾਇਨਾਤ ਡਾਕਟਰ ਸਾਹਿਲ ਗਰਗ ਨੇ ਬੱਚੀ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਸੂਮ ਦੀ ਅਚਾਨਕ ਮੌਤ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਘਟਨਾ ਦੀ ਸੂਚਨਾ ਸਿਵਲ ਹਸਪਤਾਲ ਵੱਲੋਂ ਥਾਣਾ ਸਿਟੀ ਕਪੂਰਥਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਹਾਦਸਾ ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾ ਪੈਦਾ ਕਰਦਾ ਹੈ ਅਤੇ ਮਾਪਿਆਂ ਨੂੰ ਘਰ ਵਿੱਚ ਪਾਣੀ ਨਾਲ ਭਰੇ ਬਰਤਨਾਂ ਅਤੇ ਹੋਰ ਸੰਭਾਵਿਤ ਖਤਰਿਆਂ ਪ੍ਰਤੀ ਵਧੇਰੇ ਸਾਵਧਾਨ ਰਹਿਣ ਦੀ ਲੋੜ ਨੂੰ ਉਜਾਗਰ ਕਰਦਾ ਹੈ।
Get all latest content delivered to your email a few times a month.