ਤਾਜਾ ਖਬਰਾਂ
ਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਅਤੇ ਅਵਾਮੀ ਲੀਗ ਦੇ ਸਾਬਕਾ ਸੰਸਦ ਮੈਂਬਰ ਸ਼ਾਕਿਬ ਅਲ ਹਸਨ ਦੇ ਜੱਦੀ ਘਰ 'ਤੇ ਬੁੱਧਵਾਰ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਪੈਟਰੋਲ ਬੰਬ ਸੁੱਟਿਆ ਗਿਆ। ਇਹ ਹਿੰਸਕ ਘਟਨਾ ਨਵੀਂ ਦਿੱਲੀ ਸਥਿਤ 'ਫਾਰੇਨ ਕਰਾਸਪੌਂਡੈਂਟਸ ਕਲੱਬ' ਵਿਖੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਇੱਕ ਵਰਚੁਅਲ ਪ੍ਰੈੱਸ ਕਾਨਫ਼ਰੰਸ ਤੋਂ ਕੁਝ ਹੀ ਘੰਟਿਆਂ ਬਾਅਦ ਵਾਪਰੀ, ਜਿਸ ਵਿੱਚ ਸ਼ਾਕਿਬ ਨੇ ਵੀ ਸ਼ਿਰਕਤ ਕੀਤੀ ਸੀ। ਹਾਦਸਾ ਮਾਗੁਰਾ ਸ਼ਹਿਰ ਦੇ ਕੇਸ਼ਵਮੋਰ ਸਥਿਤ ਸ਼ਾਕਿਬ ਦੇ ਗ੍ਰਹਿ ਵਿਖੇ ਵਾਪਰਿਆ, ਜਿੱਥੇ ਹਮਲਾਵਰਾਂ ਨੇ ਅੱਗ ਲਗਾਉਣ ਤੋਂ ਇਲਾਵਾ ਭੰਨਤੋੜ ਵੀ ਕੀਤੀ।
ਇਸ ਹਮਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਅਵਾਮੀ ਲੀਗ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰ ਕੇ ਮੌਜੂਦਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ:
ਅਵਾਮੀ ਲੀਗ ਅਨੁਸਾਰ, "ਘਰਾਂ ਨੂੰ ਅੱਗ ਦੇ ਹਵਾਲੇ ਕਰਨਾ ਸਾਡੀ ਪ੍ਰੈੱਸ ਕਾਨਫ਼ਰੰਸ 'ਚ ਸ਼ਾਮਲ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਹੈ। ਬੰਗਲਾਦੇਸ਼ 'ਤੇ ਨਵ-ਫ਼ਾਸੀਵਾਦ ਦਾ ਪਰਛਾਵਾਂ ਛਾਇਆ ਹੋਇਆ ਹੈ।" ਪਾਰਟੀ ਨੇ ਦੋਸ਼ ਲਾਇਆ ਕਿ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ਬੀ.ਐੱਨ.ਪੀ., ਇਸਲਾਮੀ ਜਮਾਤ ਅਤੇ ਐੱਨ.ਸੀ.ਪੀ. ਵਰਗੀਆਂ ਧਿਰਾਂ ਨੇ ਰਾਸ਼ਟਰੀ ਮੀਡੀਆ ਨੂੰ ਖ਼ਬਰਾਂ ਪ੍ਰਕਾਸ਼ਿਤ ਨਾ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ। ਪਾਰਟੀ ਦਾ ਮੰਨਣਾ ਹੈ ਕਿ ਮੌਜੂਦਾ ਤਾਨਾਸ਼ਾਹੀ ਪ੍ਰਸ਼ਾਸਨ ਲੋਕਤੰਤਰ ਦੀ ਬਹਾਲੀ ਦੇ ਨਾਂ 'ਤੇ ਅਵਾਮੀ ਲੀਗ ਦੇ ਵਰਕਰਾਂ ਖ਼ਿਲਾਫ਼ ਨਸਲਕੁਸ਼ੀ ਅਭਿਆਨ ਚਲਾ ਰਿਹਾ ਹੈ।
ਸੱਤਾ ਤੋਂ ਬੇਦਖ਼ਲ ਕੀਤੇ ਜਾਣ ਦੇ ਦੋ ਸਾਲ ਪੂਰੇ ਹੋਣ 'ਤੇ ਸ਼ੇਖ ਹਸੀਨਾ ਨੇ ਭਾਰਤ ਤੋਂ ਵਰਚੁਅਲ ਸੰਬੋਧਨ ਦੌਰਾਨ ਬੰਗਲਾਦੇਸ਼ ਵਾਪਸ ਪਰਤਣ ਦਾ ਦ੍ਰਿੜ੍ਹ ਇਰਾਦਾ ਜਤਾਇਆ।
ਮੌਤ ਜਾਂ ਜੇਲ੍ਹ ਦਾ ਡਰ ਨਹੀਂ: 78 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਜਾਣਦੀ ਹਾਂ ਕਿ ਵਾਪਸ ਜਾਣ 'ਤੇ ਮੈਨੂੰ ਜੇਲ੍ਹ 'ਚ ਡੱਕਿਆ ਜਾ ਸਕਦਾ ਹੈ ਜਾਂ ਮੇਰਾ ਕਤਲ ਵੀ ਹੋ ਸਕਦਾ ਹੈ, ਪਰ ਮੈਂ ਆਪਣੇ ਲੋਕਾਂ ਵਿਚਕਾਰ ਜਾਣ ਦਾ ਫ਼ੈਸਲਾ ਕਰ ਲਿਆ ਹੈ।" ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਵਾਪਸੀ ਸੱਤਾ ਹਾਸਲ ਕਰਨ ਲਈ ਨਹੀਂ, ਸਗੋਂ ਦੇਸ਼ ਨੂੰ ਵਿਕਾਸ, ਧਰਮ ਨਿਰਪੱਖਤਾ ਅਤੇ ਖ਼ੁਸ਼ਹਾਲੀ ਦੀ ਪਟੜੀ 'ਤੇ ਲਿਆਉਣ ਲਈ ਹੈ।
ਦੂਜੇ ਪਾਸੇ, ਢਾਕਾ ਸਥਿਤ ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ 'ਚ ਸ਼ੇਖ ਹਸੀਨਾ ਨੂੰ ਦਿੱਤੇ ਗਏ ਇਸ ਮੰਚ 'ਤੇ ਭਾਰਤ ਸਰਕਾਰ ਪ੍ਰਤੀ ਗੰਭੀਰ ਵਿਰੋਧ ਦਰਜ ਕਰਵਾਇਆ ਹੈ।
Get all latest content delivered to your email a few times a month.