ਤਾਜਾ ਖਬਰਾਂ
ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ 2013 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਵੱਡਾ ਕਾਨੂੰਨੀ ਝਟਕਾ ਲੱਗਿਆ ਹੈ। ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ ਹੇਠਲੀ ਅਦਾਲਤ ਵੱਲੋਂ 2021 ਵਿੱਚ ਦਿੱਤੇ ਬਰੀ ਕਰਨ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਇਹ ਫੈਸਲਾ ਗੋਆ ਸਰਕਾਰ ਵੱਲੋਂ ਹੇਠਲੀ ਅਦਾਲਤ ਦੇ ਫੈਸਲੇ ਖ਼ਿਲਾਫ਼ ਦਾਇਰ ਕੀਤੀ ਅਪੀਲ 'ਤੇ ਸੁਣਾਇਆ ਗਿਆ।
ਜਸਟਿਸ ਡਾ. ਨੀਲਾ ਗੋਖਲੇ ਅਤੇ ਜਸਟਿਸ ਅਮਿਤ ਜਾਮਸੰਡੇਕਰ ਦੀ ਡਿਵੀਜ਼ਨ ਬੈਂਚ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਰਾਜ ਸਰਕਾਰ ਦੀ ਪੱਖੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਸੈਸ਼ਨ ਅਦਾਲਤ ਨੇ ਸ਼ਿਕਾਇਤਕਰਤਾ ਦੇ ਵਿਵਹਾਰ ਨੂੰ ਗਲਤ ਢੰਗ ਨਾਲ ਪਰਖਿਆ ਅਤੇ ਜਿਨਸੀ ਸ਼ੋਸ਼ਣ ਦੇ ਪੀੜਤ ਦੇ ਵਿਵਹਾਰ ਬਾਰੇ ਗਲਤ ਧਾਰਨਾਵਾਂ ਨੂੰ ਆਧਾਰ ਬਣਾਇਆ। ਦੂਜੇ ਪਾਸੇ, ਸੀਨੀਅਰ ਵਕੀਲ ਅਬਾਦ ਪੋਂਡਾ ਨੇ ਤਰੁਣ ਤੇਜਪਾਲ ਦੀ ਪੱਖੋਂ ਪੇਸ਼ ਹੋ ਕੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਕਾਇਮ ਰੱਖਣ ਦੀ ਮੰਗ ਕੀਤੀ।
ਇਹ ਮਾਮਲਾ ਨਵੰਬਰ 2013 ਦਾ ਹੈ, ਜਦੋਂ ਤਹਿਲਕਾ ਦੀ ਇੱਕ ਜੂਨੀਅਰ ਮਹਿਲਾ ਸਹਿਕਰਮੀ ਨੇ ਦੋਸ਼ ਲਗਾਇਆ ਸੀ ਕਿ ਗੋਆ ਵਿੱਚ ਹੋਏ ਥਿੰਕਫੈਸਟ ਸਮਾਗਮ ਦੌਰਾਨ ਇੱਕ ਹੋਟਲ ਦੀ ਲਿਫਟ ਵਿੱਚ ਤਰੁਣ ਤੇਜਪਾਲ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ। ਇਸ ਮਾਮਲੇ ਦੀ ਸੁਣਵਾਈ 2017 ਵਿੱਚ ਮਾਪੁਸਾ ਦੀ ਸੈਸ਼ਨ ਅਦਾਲਤ ਵਿੱਚ ਸ਼ੁਰੂ ਹੋਈ ਸੀ ਅਤੇ 2021 ਵਿੱਚ ਤੇਜਪਾਲ ਨੂੰ ਬਰੀ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਗੋਆ ਸਰਕਾਰ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ।
ਫੈਸਲਾ ਸੁਣਾਏ ਜਾਣ ਸਮੇਂ ਤਰੁਣ ਤੇਜਪਾਲ ਖੁਦ ਅਦਾਲਤ ਵਿੱਚ ਮੌਜੂਦ ਸਨ। ਉਨ੍ਹਾਂ ਬੈਂਚ ਅੱਗੇ ਆਪਣੀ ਉਮਰ 62 ਸਾਲ ਹੋਣ ਦਾ ਹਵਾਲਾ ਦਿੰਦਿਆਂ ਸਜ਼ਾ ਵਿੱਚ ਨਰਮੀ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਵੀ ਇਸ ਮਾਮਲੇ ਵਿੱਚ ਪੀੜਤ ਮੰਨਦੇ ਹਨ ਅਤੇ ਹੁਣ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ। ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀ ਉਮਰ ਅਤੇ ਪਰਿਵਾਰਕ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਰਹਿਮ ਕੀਤਾ ਜਾਵੇ।
Get all latest content delivered to your email a few times a month.