ਤਾਜਾ ਖਬਰਾਂ
ਜਲੰਧਰ ਬਾਈਪਾਸ 'ਤੇ ਸਥਿਤ ਭਗਤ ਸਿੰਘ ਕਲੋਨੀ ਨੇੜੇ ਹਾਈਵੇਅ 'ਤੇ ਸ਼ਨੀਵਾਰ ਸਵੇਰੇ ਲਗਭਗ 6:30 ਵਜੇ ਇੱਕ ਰੂਹ ਕੰਬਾਊ ਸੜਕ ਹਾਦਸਾ ਵਾਪਰ ਗਿਆ। ਹਾਈਵੇਅ 'ਤੇ ਖੜ੍ਹੇ ਇੱਕ ਟਰੱਕ/ਕੈਂਟਰ ਦੇ ਪਿੱਛੇ ਤੇਜ਼ ਰਫ਼ਤਾਰ ਸਵਿਫਟ ਕਾਰ ਦੇ ਜ਼ਬਰਦਸਤ ਟਕਰਾਉਣ ਨਾਲ ਕਾਰ 'ਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।
ਚਸ਼ਮਦੀਦਾਂ ਅਨੁਸਾਰ ਕਾਰ ਦੀ ਰਫ਼ਤਾਰ ਲਗਭਗ 140 ਕਿਲੋਮੀਟਰ ਪ੍ਰਤੀ ਘੰਟਾ ਸੀ। ਹਾਦਸਾ ਵਾਪਰਦਿਆਂ ਹੀ ਅਗਲੀ ਸੀਟ 'ਤੇ ਬੈਠੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਗੱਡੀ ਦੇ ਮਲਬੇ 'ਚ ਹੀ ਬੁਰੀ ਤਰ੍ਹਾਂ ਫਸ ਗਈਆਂ, ਜਦਕਿ ਤੀਜਾ ਨੌਜਵਾਨ ਉੱਛਲ ਕੇ ਸੜਕ 'ਤੇ ਜਾ ਡਿੱਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਅਤੇ ਪੁਲਿਸ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਨੁਕਸਾਨੀ ਗਈ ਕਾਰ 'ਚੋਂ ਬਾਹਰ ਕੱਢਿਆ।
ਘਟਨਾ ਤੋਂ ਤੁਰੰਤ ਬਾਅਦ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਨੌਜਵਾਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਦੋਵਾਂ ਵਾਹਨਾਂ ਨੂੰ ਹਟਾ ਕੇ ਹਾਈਵੇਅ ਦਾ ਜਾਮ ਖੁਲ੍ਹਵਾਇਆ ਅਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.