ਤਾਜਾ ਖਬਰਾਂ
ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਮਾਮਲੇ ਦੀ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਤੇਜ਼ ਹੋ ਗਈ ਹੈ। ਕੇਸ ਦੀ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਅਦਾਲਤ ਨੇ ਗਵਾਹਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ (ਜ਼ਿਰਹ) ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਅਗਲੀ ਸੁਣਵਾਈ 29 ਅਗਸਤ ਨੂੰ ਮੁਕੱਰਰ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਵਕੀਲਾਂ ਦੀ ਹੜਤਾਲ ਕਾਰਨ ਗਵਾਹ ਤੋਂ ਜ਼ਿਰਹ ਪੂਰੀ ਨਹੀਂ ਹੋ ਸਕੀ ਸੀ, ਹਾਲਾਂਕਿ ਪਹਿਲਾ ਗਵਾਹ ਮਨਮੋਹਨ ਸ਼ਰਮਾ ਅਦਾਲਤ 'ਚ ਮੌਜੂਦ ਸੀ। ਹੁਣ ਅਦਾਲਤ ਨੇ ਵਿਜੀਲੈਂਸ ਬਿਊਰੋ ਦੇ ਰਿਕਾਰਡ ਕਲਰਕ ਗੁਰਪ੍ਰੀਤ ਸਿੰਘ ਨੂੰ ਸਬੰਧਤ ਦਸਤਾਵੇਜ਼ਾਂ ਅਤੇ ਪੂਰੇ ਰਿਕਾਰਡ ਸਮੇਤ ਅਗਲੀ ਤਾਰੀਖ਼ 'ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਅਰੋੜਾ ਨੇ ਐਫ਼.ਆਈ.ਆਰ. (FIR) ਅਤੇ ਟ੍ਰਾਇਲ ਰੱਦ ਕਰਵਾਉਣ ਲਈ ਹਾਈਕੋਰਟ ਦਾ ਰੁੱਖ ਕੀਤਾ ਸੀ, ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟੀਸ਼ਨ ਆਧਾਰਹੀਣ ਦੱਸ ਕੇ ਖਾਰਜ ਕਰ ਦਿੱਤੀ ਸੀ।
ਸੁੰਦਰ ਸ਼ਾਮ ਅਰੋੜਾ 'ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚੋਂ ਆਪਣਾ ਨਾਂ ਕਢਵਾਉਣ ਲਈ ਵਿਜੀਲੈਂਸ ਦੇ ਇੱਕ ਏ.ਆਈ.ਜੀ. (AIG) ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰਨ ਦਾ ਦੋਸ਼ ਹੈ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ 50 ਲੱਖ ਰੁਪਏ ਦੀ ਪਹਿਲੀ ਕਿਸ਼ਤ ਦਿੰਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਸੂਬੇ ਦੇ ਸਿਆਸੀ ਇਤਿਹਾਸ 'ਚ ਕਿਸੇ ਸਾਬਕਾ ਮੰਤਰੀ ਵੱਲੋਂ ਅਧਿਕਾਰੀ ਨੂੰ ਰਿਸ਼ਵਤ ਦੇਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਸੀ।
ਸਿਆਸਤ 'ਚ ਆਉਣ ਤੋਂ ਪਹਿਲਾਂ ਅਰੋੜਾ ਹੁਸ਼ਿਆਰਪੁਰ ਦੇ ਮੰਨੇ-ਪ੍ਰਮੰਨੇ ਰੀਅਲ ਅਸਟੇਟ ਕਾਰੋਬਾਰੀ ਸਨ। 2002 'ਚ ਕਾਂਗਰਸ ਤੋਂ ਟਿਕਟ ਨਾ ਮਿਲਣ 'ਤੇ ਆਜ਼ਾਦ ਚੋਣ ਲੜਨ ਵਾਲੇ ਅਰੋੜਾ 2017 'ਚ ਕਾਂਗਰਸ ਸਰਕਾਰ 'ਚ ਉਦਯੋਗ ਮੰਤਰੀ ਬਣੇ। 2022 'ਚ ਉਹ ਭਾਜਪਾ 'ਚ ਸ਼ਾਮਲ ਹੋਏ ਪਰ 2024 'ਚ ਮੁੜ ਕਾਂਗਰਸ 'ਚ ਵਾਪਸ ਪਰਤ ਆਏ। ਜ਼ਿਕਰਯੋਗ ਹੈ ਕਿ ਜਨਵਰੀ 2026 'ਚ ਆਮਦਨ ਕਰ ਵਿਭਾਗ ਨੇ ਵੀ ਉਨ੍ਹਾਂ ਦੇ ਹੁਸ਼ਿਆਰਪੁਰ ਸਥਿਤ ਘਰ 'ਤੇ ਲਗਾਤਾਰ 62 ਘੰਟੇ ਤੱਕ ਵਿਆਪਕ ਛਾਪੇਮਾਰੀ ਕੀਤੀ ਸੀ।
Get all latest content delivered to your email a few times a month.