ਤਾਜਾ ਖਬਰਾਂ
ਪੰਜਾਬ ਵਿੱਚ ਮਾਨਸੂਨ ਦੀ ਗਤੀ 'ਚ ਵੱਡੀ ਸੁਸਤੀ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਆਉਣ ਵਾਲੇ ਪੰਜ ਦਿਨਾਂ ਦਰਮਿਆਨ ਸੂਬੇ ਵਿੱਚ ਭਾਰੀ ਬਾਰਿਸ਼ ਲਈ ਕੋਈ ਵੀ ਚਿਤਾਵਨੀ ਜਾਂ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਜ਼ਿਆਦਾਤਰ ਇਲਾਕਿਆਂ ਵਿੱਚ ਸਿਰਫ਼ ਹਲਕੇ ਤੋਂ ਦਰਮਿਆਨੇ ਛੜਾਟੇ ਹੀ ਪੈਣ ਦੀ ਉਮੀਦ ਹੈ। ਮੀਂਹ ਦੀ ਘਾਟ ਕਾਰਨ ਕਈ ਜ਼ਿਲ੍ਹਿਆਂ 'ਚ ਲੋਕਾਂ ਨੂੰ ਭਾਰੀ ਨਮੀ, ਹੁੰਮਸ ਅਤੇ ਚਿਪਚਿਪੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੌਸਮ ਵਿਭਾਗ ਦੇ ਤਾਜ਼ਾ ਅਨੁਮਾਨ ਅਨੁਸਾਰ 8 ਅਗਸਤ ਨੂੰ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਤਰਨਤਾਰਨ, ਕਪੂਰਥਲਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਰਨਾਲਾ, ਸੰਗਰੂਰ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਸਮੇਤ ਕੁਝ ਹਿੱਸਿਆਂ ਵਿੱਚ ਇੱਕ-ਦੋ ਥਾਵਾਂ 'ਤੇ ਹਲਕੀਆਂ ਕਣੀਆਂ ਪੈ ਸਕਦੀਆਂ ਹਨ। ਇਸੇ ਤਰ੍ਹਾਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਬਠਿੰਡਾ, ਮਾਨਸਾ ਅਤੇ ਮੋਹਾਲੀ 'ਚ ਵੀ ਬੱਦਲਵਾਈ ਦੇ ਨਾਲ-ਨਾਲ ਹਲਕੀ ਬੂੰਦਾ-ਬਾਂਦੀ ਹੋਣ ਦੇ ਅਸਾਰ ਹਨ।
ਮੌਸਮ ਦੇ ਮਾਹਰਾਂ ਅਨੁਸਾਰ 13 ਅਗਸਤ ਤੱਕ ਪੂਰੇ ਪੰਜਾਬ ਵਿੱਚ ਔਸਤ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਜਾਵੇਗੀ, ਹਾਲਾਂਕਿ ਰਾਜ ਦੇ ਪੂਰਬੀ ਜ਼ਿਲ੍ਹਿਆਂ 'ਚ ਮੀਂਹ ਦੀ ਗਤੀਵਿਧੀ ਆਮ ਨਾਲੋਂ ਥੋੜ੍ਹੀ ਬਿਹਤਰ ਰਹਿ ਸਕਦੀ ਹੈ। ਇਸ ਪੂਰੇ ਹਫ਼ਤੇ ਦਰਮਿਆਨ ਦਿਨ ਅਤੇ ਰਾਤ ਦਾ ਤਾਪਮਾਨ ਆਮ ਦੇ ਆਸ-ਪਾਸ ਹੀ ਬਣਿਆ ਰਹੇਗਾ।
11 ਅਗਸਤ ਸਮੇਤ ਆਉਣ ਵਾਲੇ ਦਿਨਾਂ ਲਈ ਕਿਸੇ ਵੀ ਕਿਸਮ ਦਾ ਯੈਲੋ, ਓਰੇਂਜ ਜਾਂ ਰੈੱਡ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਵੱਡੇ ਪੱਧਰ 'ਤੇ ਮੂਸਲਾਧਾਰ ਮੀਂਹ ਦੀ ਫਿਲਹਾਲ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਫਿਲਹਾਲ ਪੂਰੀ ਰਾਹਤ ਮਿਲਣ ਦੀ ਉਮੀਦ ਘੱਟ ਹੈ।
Get all latest content delivered to your email a few times a month.