IMG-LOGO
ਹੋਮ ਪੰਜਾਬ, ਰਾਸ਼ਟਰੀ, ਦਿੱਲੀ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ...

ਦਿੱਲੀ 'ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ: DSGMC ਨੇ ਡਾ. ਗੁਰਨਾਮ ਸਿੰਘ ਨੂੰ 'ਸ਼੍ਰੋਮਣੀ ਕੀਰਤਨੀਆ ਐਵਾਰਡ' ਨਾਲ ਨਵਾਜ਼ਿਆ

Admin User - Aug 08, 2026 10:49 AM
IMG

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵੱਲੋਂ ਅੱਠਵੀਂ ਪਾਤਸ਼ਾਹੀ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਪੂਰੀ ਸ਼ਰਧਾ, ਉਤਸ਼ਾਹ ਤੇ ਲਾਹੇਵੰਦ ਗੁਰਮਤਿ ਸਮਾਗਮਾਂ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿੱਥੇ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।


ਮੁੱਖ ਗੁਰਮਤਿ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ।


ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਾਲ ਉਮਰ ਵਿੱਚ ਹੀ ਦਿੱਲੀ ਦੀ ਸੰਗਤ 'ਤੇ ਅਥਾਹ ਪਰਉਪਕਾਰ ਕਰਦਿਆਂ ਚੇਚਕ ਦੀ ਬਿਮਾਰੀ ਤੋਂ ਰਾਹਤ ਦਿਵਾਈ ਸੀ। ਉਨ੍ਹਾਂ ਦੀ ਨਿਡਰਤਾ, ਦਿਆਲਤਾ ਅਤੇ ਮਾਨਵਤਾ ਦੀ ਸੇਵਾ ਦਾ ਜਜ਼ਬਾ ਅੱਜ ਵੀ ਸਾਡਾ ਮਾਰਗਦਰਸ਼ਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਅੱਜ ਬਾਲਾ ਪ੍ਰੀਤਮ ਦਵਾਖਾਨਿਆਂ 'ਚ ਸਸਤੀਆਂ ਦਵਾਈਆਂ, ਪੋਲੀਕਲੀਨਿਕ 'ਚ ਸਸਤਾ ਡਾਇਲਸਿਸ ਅਤੇ ਬਾਲਾ ਸਾਹਿਬ ਹਸਪਤਾਲ 'ਚ ਮੁਫ਼ਤ ਇਲਾਜ ਦੀ ਸਹੂਲਤ ਸੰਗਤਾਂ ਨੂੰ ਮਿਲ ਰਹੀ ਹੈ, ਜਿੱਥੇ ਜਲਦ ਹੀ ਕਾਰਡੀਓਲਾਜੀ ਵਿਭਾਗ ਵੀ ਸ਼ੁਰੂ ਕੀਤਾ ਜਾ ਰਿਹਾ ਹੈ।


ਗੁਰਮਤਿ ਸੰਗੀਤ ਅਤੇ ਪੁਰਾਤਨ ਰੀਤਾਂ ਨੂੰ ਸੰਭਾਲਣ ਦੇ ਉਦੇਸ਼ ਨਾਲ ਕਮੇਟੀ ਵੱਲੋਂ ਗਠਿਤ 11 ਮੈਂਬਰੀ ਵਿਸ਼ੇਸ਼ ਪੈਨਲ ਦੀ ਸਿਫ਼ਾਰਿਸ਼ 'ਤੇ ਦੂਜਾ 'ਸ਼੍ਰੋਮਣੀ ਕੀਰਤਨੀਆ ਐਵਾਰਡ' (11 ਲੱਖ ਰੁਪਏ ਦੀ ਇਨਾਮੀ ਰਾਸ਼ੀ) ਡਾ. ਗੁਰਨਾਮ ਸਿੰਘ ਨੂੰ ਦਿੱਤਾ ਗਿਆ, ਜਦਕਿ ਪਹਿਲਾ ਐਵਾਰਡ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਪਹਿਲੀ ਵਾਰ 'ਕੀਰਤਨ ਸੇਵਾ ਐਵਾਰਡ' 90 ਸਾਲਾ ਭਾਈ ਸਵਰਨ ਸਿੰਘ ਨੂੰ ਦਿੱਤਾ ਗਿਆ, ਜੋ ਪਿਛਲੇ 74 ਸਾਲਾਂ ਤੋਂ ਜੋੜੀ ਦੀ ਸੇਵਾ ਨਿਭਾ ਰਹੇ ਹਨ।


ਕਮੇਟੀ ਨੇ ਐਲਾਨ ਕੀਤਾ ਕਿ 12 ਸਤੰਬਰ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ) ਤੋਂ ਦਿੱਲੀ ਕਮੇਟੀ ਅਧੀਨ ਵਧੀਆ ਰਹਿਣੀ-ਬਹਿਣੀ, ਪਰਪੱਕ ਡਿਊਟੀ ਤੇ ਵਧੀਆ ਸ਼ੈਲੀ ਨਾਲ ਕੀਰਤਨ ਕਰਨ ਵਾਲੇ ਰਾਗੀ ਸਿੰਘਾਂ ਨੂੰ ਹਰ ਸਾਲ 1.25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। 11 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੀ ਸੇਵਾ ਨਿਊ ਜਰਸੀ (ਅਮਰੀਕਾ) ਦੇ ਸਰਦਾਰ ਗੁਰਜੀਤ ਸਿੰਘ ਚਲਾਵਾ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ।


ਸਕੂਲਾਂ ਦੀ ਸਥਿਤੀ 'ਤੇ ਬੋਲਦਿਆਂ ਆਗੂਆਂ ਨੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਪੁਰਾਣੇ ਕੁਪ੍ਰਬੰਧਾਂ ਨੂੰ ਖ਼ਤਮ ਕਰਕੇ ਸਟਾਫ਼ ਨਾਲ MOU ਸਾਈਨ ਕੀਤੇ ਗਏ ਹਨ ਅਤੇ 25-25 ਸਾਲਾਂ ਤੋਂ ਰੁਕੇ ਬਕਾਏ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਬਾਬਾ ਸੁਰਿੰਦਰ ਸਿੰਘ (ਕਾਰ ਸੇਵਾ ਵਾਲੇ) ਦੀ ਦੇਖ-ਰੇਖ ਹੇਠ ਚੱਲ ਰਹੇ ਵਿਦਿਅਕ ਅਦਾਰਿਆਂ ਦੀ ਸੇਵਾ 'ਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.