ਤਾਜਾ ਖਬਰਾਂ
ਘਰੇਲੂ ਕ੍ਰਿਕਟ ਵਿੱਚ ਪੰਜਾਬ ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਵੱਲੋਂ ਖੇਡ ਚੁੱਕੇ ਕ੍ਰਿਕਟਰ ਰਮਨਦੀਪ ਸਿੰਘ ਨੇ ਟੀਵੀ ਅਦਾਕਾਰਾ ਚਾਰਲੀ ਚੌਹਾਨ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਇੱਕ ਨਿੱਜੀ ਸਮਾਗਮ ਦੌਰਾਨ ਪੰਜਾਬੀ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਦੀਆਂ ਰਸਮਾਂ ਨਿਭਾਈਆਂ।
ਵਿਆਹ ਸਮਾਗਮ ਵਿੱਚ ਕ੍ਰਿਕਟ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਨਮਨ ਧੀਰ, ਤੇਜ਼ ਗੇਂਦਬਾਜ਼ ਅਸ਼ਵਨੀ ਕੁਮਾਰ ਅਤੇ ਪੰਜਾਬ ਦੇ ਕ੍ਰਿਕਟਰ ਜਸਿੰਦਰ ਸਿੰਘ ਸਮੇਤ ਕਈ ਖਿਡਾਰੀ ਇਸ ਖਾਸ ਮੌਕੇ ’ਤੇ ਨਜ਼ਰ ਆਏ। ਟੀਵੀ ਅਦਾਕਾਰ ਜੈ ਭਾਨੁਸ਼ਾਲੀ ਵੀ ਵਿਆਹ ਸਮਾਗਮ ਵਿੱਚ ਪਹੁੰਚੇ ਅਤੇ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਸਮਾਗਮ ਦੀ ਇੱਕ ਝਲਕ ਸਾਂਝੀ ਕੀਤੀ।
ਵਿਆਹ ਦੇ ਮੌਕੇ ’ਤੇ ਰਮਨਦੀਪ ਸਿੰਘ ਨੇ ਕਢਾਈ ਵਾਲੀ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੀ ਹੋਈ ਸੀ, ਜਦਕਿ ਚਾਰਲੀ ਚੌਹਾਨ ਮੈਰੂਨ ਰੰਗ ਦੇ ਰਵਾਇਤੀ ਬ੍ਰਾਈਡਲ ਲਹਿੰਗੇ ਵਿੱਚ ਨਜ਼ਰ ਆਈ। ਦੋਵਾਂ ਦੀ ਜੋੜੀ ਨੇ ਵਿਆਹ ਸਮਾਗਮ ਵਿੱਚ ਖੂਬਸੂਰਤ ਲੁੱਕ ਨਾਲ ਮਹਿਮਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਚਾਰਲੀ ਚੌਹਾਨ ਟੈਲੀਵਿਜ਼ਨ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਉਹ ‘ਕੈਸੀ ਯੇ ਯਾਰੀਆਂ’ ਅਤੇ ‘ਬੈਸਟ ਫ੍ਰੈਂਡਜ਼ ਫਾਰਐਵਰ’ ਵਰਗੇ ਟੀਵੀ ਸ਼ੋਅਜ਼ ਵਿੱਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ MTV ਰੋਡੀਜ਼ ਅਤੇ ਡਾਂਸ ਰਿਐਲਿਟੀ ਸ਼ੋਅ ‘ਨੱਚ ਬਲੀਏ’ ਵਿੱਚ ਵੀ ਨਜ਼ਰ ਆ ਚੁੱਕੀ ਹੈ।
ਦੂਜੇ ਪਾਸੇ ਰਮਨਦੀਪ ਸਿੰਘ ਨੇ ਘਰੇਲੂ ਕ੍ਰਿਕਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਆਪਣੀ ਪਛਾਣ ਬਣਾਈ ਹੈ ਅਤੇ IPL ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਰਹੇ ਹਨ। ਉਹ 2024 ਵਿੱਚ IPL ਖਿਤਾਬ ਜਿੱਤਣ ਵਾਲੀ KKR ਟੀਮ ਦਾ ਵੀ ਹਿੱਸਾ ਸਨ। ਉਨ੍ਹਾਂ ਨੇ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ ਸਾਲ 2017 ਵਿੱਚ ਪੰਜਾਬ ਵੱਲੋਂ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਕੀਤੀ ਸੀ।
ਰਮਨਦੀਪ ਸਿੰਘ ਅਤੇ ਚਾਰਲੀ ਚੌਹਾਨ ਦੇ ਵਿਆਹ ਦੀਆਂ ਤਸਵੀਰਾਂ ਅਤੇ ਸਮਾਗਮ ਦੀਆਂ ਝਲਕੀਆਂ ਸਾਹਮਣੇ ਆਉਣ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Get all latest content delivered to your email a few times a month.