ਤਾਜਾ ਖਬਰਾਂ
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਲਾਪਤਾ ਹੋਇਆ 15 ਸਾਲਾ ਬੱਚਾ ਕਰੀਬ 2500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅੰਮ੍ਰਿਤਸਰ ਪਹੁੰਚ ਗਿਆ। ਰੇਲਵੇ ਸਟੇਸ਼ਨ ’ਤੇ ਲਾਪਤਾ ਹਾਲਤ ਵਿੱਚ ਮਿਲੇ ਇਸ ਬੱਚੇ ਨੂੰ ਰੇਲਵੇ ਚਾਈਲਡ ਹੈਲਪ ਡੈਸਕ ਅਤੇ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਟੀਮਾਂ ਨੇ ਸੁਰੱਖਿਅਤ ਰੈਸਕਿਊ ਕਰ ਲਿਆ। ਲਗਾਤਾਰ ਕੋਸ਼ਿਸ਼ਾਂ ਅਤੇ ਵੱਖ-ਵੱਖ ਵਿਭਾਗਾਂ ਦੇ ਤਾਲਮੇਲ ਨਾਲ ਤਿੰਨ ਦਿਨਾਂ ਬਾਅਦ ਬੱਚੇ ਦਾ ਆਪਣੇ ਪਰਿਵਾਰ ਨਾਲ ਮੁੜ ਮਿਲਾਪ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ 6 ਅਗਸਤ 2026 ਨੂੰ ਰੇਲਵੇ ਪੁਲਿਸ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਇੱਕ 15 ਸਾਲਾ ਬੱਚੇ ਦੇ ਲਾਵਾਰਿਸ ਹਾਲਤ ਵਿੱਚ ਮਿਲਣ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਰੇਲਵੇ ਚਾਈਲਡ ਹੈਲਪ ਡੈਸਕ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਬੱਚੇ ਨੂੰ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕਰਕੇ ਆਪਣੀ ਦੇਖਭਾਲ ਵਿੱਚ ਲੈ ਲਿਆ।
ਕਾਊਂਸਲਿੰਗ ਦੌਰਾਨ ਪਤਾ ਲੱਗਾ ਕਿ ਬੱਚਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਨਾਲ ਸਬੰਧਤ ਹੈ। ਉਹ ਮੁੱਖ ਤੌਰ ’ਤੇ ਤੇਲਗੂ ਭਾਸ਼ਾ ਬੋਲਦਾ ਸੀ, ਜਿਸ ਕਾਰਨ ਉਸ ਤੋਂ ਸਹੀ ਜਾਣਕਾਰੀ ਹਾਸਲ ਕਰਨਾ ਟੀਮ ਲਈ ਮੁਸ਼ਕਲ ਬਣਿਆ। ਇਸ ਦੇ ਬਾਵਜੂਦ ਕਰਮਚਾਰੀਆਂ ਨੇ ਬੱਚੇ ਨਾਲ ਲਗਾਤਾਰ ਗੱਲਬਾਤ ਕਰਕੇ ਉਸ ਦੇ ਘਰ, ਪਰਿਵਾਰ ਅਤੇ ਇਲਾਕੇ ਨਾਲ ਜੁੜੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ।
ਬੱਚੇ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਚਿਲਡਰਨ ਹੋਮ ਫਾਰ ਬੁਆਇਜ਼ ਭੇਜਿਆ ਗਿਆ। ਇਸ ਤੋਂ ਬਾਅਦ ਅੰਮ੍ਰਿਤਸਰ ਦੀ ਭਲਾਈ ਕਮੇਟੀ ਵੱਲੋਂ ਵਿਸ਼ਾਖਾਪਟਨਮ ਪ੍ਰਸ਼ਾਸਨ, ਪੁਲਿਸ ਅਤੇ ਸਥਾਨਕ ਚਾਈਲਡ ਵੈਲਫੇਅਰ ਕਮੇਟੀ ਨਾਲ ਸੰਪਰਕ ਸਥਾਪਤ ਕੀਤਾ ਗਿਆ। ਲਗਾਤਾਰ ਤਾਲਮੇਲ ਤੋਂ ਬਾਅਦ ਬੱਚੇ ਦੇ ਮਾਪਿਆਂ ਦੀ ਪਛਾਣ ਕਰਕੇ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਬੁਲਾਇਆ ਗਿਆ।
ਐਤਵਾਰ ਨੂੰ ਬੱਚੇ ਦੇ ਮਾਪੇ ਅੰਮ੍ਰਿਤਸਰ ਪਹੁੰਚੇ। ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਅਤੇ ਹੋਰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਬੱਚੇ ਦੀ ਸਹਿਮਤੀ ਨਾਲ ਉਸ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਬੱਚੇ ਨੂੰ ਮੁੜ ਆਪਣੇ ਕੋਲ ਦੇਖ ਕੇ ਮਾਪੇ ਭਾਵੁਕ ਹੋ ਗਏ।
ਪਰਿਵਾਰ ਵੱਲੋਂ ਦੱਸਿਆ ਗਿਆ ਕਿ ਸਕੂਲ ਵਿੱਚ ਬੱਚੇ ਦੇ ਹੱਥੋਂ ਲੈਪਟਾਪ ਜਾਂ ਟੈਬਲੇਟ ਡਿੱਗ ਕੇ ਟੁੱਟ ਗਿਆ ਸੀ। ਇਸ ਘਟਨਾ ਤੋਂ ਬਾਅਦ ਅਧਿਆਪਕ ਨੇ ਉਸ ਨੂੰ ਝਿੜਕਿਆ ਅਤੇ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਗੱਲ ਕਹੀ। ਇਸ ਤੋਂ ਡਰ ਕੇ ਬੱਚਾ ਘਰ ਵਾਪਸ ਤਾਂ ਆਇਆ, ਪਰ ਪਰਿਵਾਰ ਨੂੰ ਕੁਝ ਦੱਸਣ ਦੀ ਬਜਾਏ ਸਕੂਲ ਦੀ ਵਰਦੀ ਉਤਾਰ ਕੇ ਹੋਰ ਕੱਪੜੇ ਪਾ ਲਏ ਅਤੇ ਚੁੱਪਚਾਪ ਘਰੋਂ ਨਿਕਲ ਗਿਆ। ਪਰਿਵਾਰ ਨੇ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਵਿਸ਼ਾਖਾਪਟਨਮ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ।
ਭਲਾਈ ਕਮੇਟੀ ਅੰਮ੍ਰਿਤਸਰ ਦੇ ਐਡਵੋਕੇਟ ਐਮ.ਕੇ. ਸ਼ਰਮਾ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਛੁੱਟੀ ਜਾਂ ਐਤਵਾਰ ਦੀ ਪਰਵਾਹ ਕੀਤੇ ਬਿਨਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲਾਪਤਾ ਬੱਚਿਆਂ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਉਨ੍ਹਾਂ ਦੇ ਪਰਿਵਾਰਾਂ ਤੱਕ ਸੁਰੱਖਿਅਤ ਪਹੁੰਚਾਇਆ ਜਾਵੇ।
Get all latest content delivered to your email a few times a month.