IMG-LOGO
ਹੋਮ ਅੰਤਰਰਾਸ਼ਟਰੀ: 47 ਹਜ਼ਾਰ ਕਿਲੋਮੀਟਰ ਦਾ ਸਮੁੰਦਰੀ ਸਫ਼ਰ ਤੈਅ ਕਰਕੇ ਭਾਰਤੀ ਮਹਿਲਾ...

47 ਹਜ਼ਾਰ ਕਿਲੋਮੀਟਰ ਦਾ ਸਮੁੰਦਰੀ ਸਫ਼ਰ ਤੈਅ ਕਰਕੇ ਭਾਰਤੀ ਮਹਿਲਾ ਅਧਿਕਾਰੀਆਂ ਨੇ ਰਚਿਆ ਇਤਿਹਾਸ, ਸਿਰਸਾ ਦੀ ਮੇਜਰ ਕਰਮਜੀਤ ਕੌਰ ਵੀ ਰਹੀ ਟੀਮ ਦਾ ਹਿੱਸਾ

Admin User - Aug 09, 2026 07:47 PM
IMG

ਭਾਰਤੀ ਸੈਨਾਵਾਂ ਦੀਆਂ ਮਹਿਲਾ ਅਧਿਕਾਰੀਆਂ ਨੇ ਹਿੰਮਤ, ਜਜ਼ਬੇ ਅਤੇ ਸਾਹਸ ਦੀ ਮਿਸਾਲ ਕਾਇਮ ਕਰਦਿਆਂ 314 ਦਿਨਾਂ ਦੀ ਲੰਬੀ ਸਮੁੰਦਰੀ ਮੁਹਿੰਮ ਨੂੰ ਸਫਲਤਾਪੂਰਵਕ ਪੂਰਾ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਇਤਿਹਾਸਕ ਮੁਹਿੰਮ ਵਿੱਚ ਭਾਰਤੀ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਨੇ ਹਿੱਸਾ ਲਿਆ। ਖਾਸ ਗੱਲ ਇਹ ਹੈ ਕਿ ਸਿਰਸਾ ਦੀ ਧੀ ਮੇਜਰ ਕਰਮਜੀਤ ਕੌਰ ਵੀ ਇਸ ਇਤਿਹਾਸਕ ਟੀਮ ਦਾ ਅਹਿਮ ਹਿੱਸਾ ਰਹੀ।

ਇਹ ਇਤਿਹਾਸਕ ਸਮੁੰਦਰੀ ਮੁਹਿੰਮ 11 ਸਤੰਬਰ 2025 ਨੂੰ ਮੁੰਬਈ ਤੋਂ ਸ਼ੁਰੂ ਹੋਈ ਸੀ। ਲਗਭਗ 314 ਦਿਨਾਂ ਦੇ ਇਸ ਸਫ਼ਰ ਦੌਰਾਨ ਟੀਮ ਨੇ ਕਰੀਬ 25,500 ਸਮੁੰਦਰੀ ਮੀਲ, ਯਾਨੀ ਲਗਭਗ 47 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਦੌਰਾਨ ਮਹਿਲਾ ਅਧਿਕਾਰੀਆਂ ਨੇ ਦੁਨੀਆ ਦੇ ਚਾਰ ਪ੍ਰਮੁੱਖ ਸਮੁੰਦਰਾਂ ਨੂੰ ਪਾਰ ਕੀਤਾ ਅਤੇ ਕਈ ਔਖੀਆਂ ਸਮੁੰਦਰੀ ਸਥਿਤੀਆਂ ਦਾ ਸਾਹਮਣਾ ਕੀਤਾ।

ਯਾਤਰਾ ਦੌਰਾਨ ਟੀਮ ਨੇ ਦੋ ਵਾਰ ਭੂ-ਮੱਧ ਰੇਖਾ ਪਾਰ ਕੀਤੀ, ਅੰਤਰਰਾਸ਼ਟਰੀ ਤਾਰੀਖ ਰੇਖਾ ਨੂੰ ਪਾਰ ਕੀਤਾ ਅਤੇ ਦੁਨੀਆ ਦੇ ਤਿੰਨ ਮਹੱਤਵਪੂਰਨ ਕੇਪ—ਕੇਪ ਆਫ਼ ਗੁੱਡ ਹੋਪ, ਕੇਪ ਲੀਯੂਵਿਨ ਅਤੇ ਕੇਪ ਹੌਰਨ—ਨੂੰ ਵੀ ਸਰਕੰਡੇਵ ਕੀਤਾ। ਕੇਪ ਹੌਰਨ ਨੂੰ ਪਾਰ ਕਰਨ ਨਾਲ ਮਹਿਲਾ ਅਧਿਕਾਰੀ ਅੰਤਰਰਾਸ਼ਟਰੀ ਪੱਧਰ ਦੇ ਵੱਕਾਰੀ ‘ਕੇਪ ਹੌਰਨਰਸ’ ਭਾਈਚਾਰੇ ਦਾ ਹਿੱਸਾ ਬਣ ਗਈਆਂ।

ਮੇਜਰ ਕਰਮਜੀਤ ਕੌਰ ਮੁਤਾਬਕ ਪੂਰੀ ਯਾਤਰਾ 50 ਫੁੱਟ ਲੰਬੇ IASV ਤ੍ਰਿਵੇਣੀ 'ਤੇ ਪੂਰੀ ਕੀਤੀ ਗਈ। ਇਹ ਜਹਾਜ਼ ਭਾਰਤ ਵਿੱਚ ਹੀ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਹੈ। ਇਸ ਮੁਹਿੰਮ ਨੂੰ ਭਾਰਤ ਦੀ ਸਮੁੰਦਰੀ ਸਮਰੱਥਾ ਅਤੇ ‘ਆਤਮਨਿਰਭਰ ਭਾਰਤ’ ਦੀ ਤਕਨੀਕੀ ਯੋਗਤਾ ਦੀ ਮਿਸਾਲ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਇੰਨੇ ਲੰਬੇ ਸਮੁੰਦਰੀ ਸਫ਼ਰ ਦੌਰਾਨ ਟੀਮ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਮੌਕਿਆਂ 'ਤੇ ਜਹਾਜ਼ ਵਿੱਚ ਤਕਨੀਕੀ ਦਿੱਕਤਾਂ ਆਈਆਂ ਅਤੇ ਸਮੁੰਦਰੀ ਹਾਲਾਤ ਵੀ ਚੁਣੌਤੀਪੂਰਨ ਰਹੇ। ਕੁਝ ਸਥਿਤੀਆਂ ਵਿੱਚ ਅਧਿਕਾਰੀਆਂ ਦੀ ਜਾਨ ਤੱਕ ਖ਼ਤਰੇ ਵਿੱਚ ਪਈ, ਪਰ ਟੀਮ ਨੇ ਹੌਸਲਾ ਨਹੀਂ ਛੱਡਿਆ।

ਮੇਜਰ ਕਰਮਜੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤੋਂ ਪਹਿਲਾਂ ਵੀ ਉਹ ਇਸੇ ਤਰ੍ਹਾਂ ਦੇ ਸਮੁੰਦਰੀ ਮਿਸ਼ਨ ਦਾ ਹਿੱਸਾ ਰਹਿ ਚੁੱਕੀ ਹੈ। ਸ਼ੁਰੂ ਵਿੱਚ ਪਰਿਵਾਰ ਨੂੰ ਇੰਨੀ ਲੰਬੀ ਅਤੇ ਖ਼ਤਰਨਾਕ ਯਾਤਰਾ ਨੂੰ ਲੈ ਕੇ ਚਿੰਤਾ ਸੀ, ਪਰ ਪਰਿਵਾਰਕ ਮੈਂਬਰਾਂ ਨੇ ਉਸਦੇ ਜਜ਼ਬੇ ਅਤੇ ਹੌਸਲੇ ਨੂੰ ਦੇਖਦਿਆਂ ਪੂਰਾ ਸਾਥ ਦਿੱਤਾ।

ਇਤਿਹਾਸਕ ਮੁਹਿੰਮ ਪੂਰੀ ਕਰਨ ਤੋਂ ਬਾਅਦ ਟੀਮ ਦੇ ਭਾਰਤ ਪਰਤਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਹਿਲਾ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਬਹਾਦਰੀ ਤੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਮੁਹਿੰਮ ਨੂੰ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਦੱਸਿਆ।

ਇਸ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਟੀਮ ਦਾ ਸਵਾਗਤ ਕਰਦਿਆਂ ਮਹਿਲਾ ਅਧਿਕਾਰੀਆਂ ਦੀ ਇਸ ਬੇਮਿਸਾਲ ਉਪਲਬਧੀ ਦੀ ਪ੍ਰਸ਼ੰਸਾ ਕੀਤੀ।

ਮੇਜਰ ਕਰਮਜੀਤ ਕੌਰ ਦੀ ਸੁਰੱਖਿਅਤ ਵਾਪਸੀ 'ਤੇ ਸਿਰਸਾ ਸਥਿਤ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਆਪਣੀ ਧੀ ਦਾ ਮਠਿਆਈ ਖੁਆ ਕੇ ਸਵਾਗਤ ਕੀਤਾ ਅਤੇ ਉਸਦੀ ਇਤਿਹਾਸਕ ਪ੍ਰਾਪਤੀ 'ਤੇ ਮਾਣ ਜਤਾਇਆ।

ਮੇਜਰ ਕਰਮਜੀਤ ਕੌਰ ਦੇ ਪਤੀ ਕੋਮਲਪ੍ਰੀਤ ਸਿੰਘ ਵੀ ਮਰਚੈਂਟ ਨੇਵੀ ਵਿੱਚ ਮੁੱਖ ਅਧਿਕਾਰੀ ਹਨ। ਉਨ੍ਹਾਂ ਦੇ ਪਿਤਾ ਰਿਚਪਾਲ ਸਿੰਘ ਰੰਧਾਵਾ, ਮਾਂ ਅਤੇ ਭਰਾ ਸਮੇਤ ਪੂਰੇ ਪਰਿਵਾਰ ਨੇ ਇਸ ਔਖੀ ਯਾਤਰਾ ਦੌਰਾਨ ਉਨ੍ਹਾਂ ਦਾ ਹੌਸਲਾ ਵਧਾਇਆ।

ਇਹ ਮੁਹਿੰਮ ਸਿਰਫ਼ ਇੱਕ ਸਮੁੰਦਰੀ ਸਫ਼ਰ ਨਹੀਂ, ਸਗੋਂ ਭਾਰਤੀ ਮਹਿਲਾਵਾਂ ਦੀ ਹਿੰਮਤ, ਸਮਰੱਥਾ ਅਤੇ ਅਸੰਭਵ ਨੂੰ ਸੰਭਵ ਕਰਨ ਦੇ ਜਜ਼ਬੇ ਦੀ ਇਤਿਹਾਸਕ ਮਿਸਾਲ ਬਣ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.