IMG-LOGO
ਹੋਮ ਪੰਜਾਬ, ਰਾਸ਼ਟਰੀ, ਡਿਊਟੀ ਦੌਰਾਨ ਅਗਨੀਵੀਰ ਸਿਪਾਹੀ ਕੁਲਵਿੰਦਰ ਸਿੰਘ ਦੀ ਮੌਤ, ਪਿੰਡ ‘ਚ...

ਡਿਊਟੀ ਦੌਰਾਨ ਅਗਨੀਵੀਰ ਸਿਪਾਹੀ ਕੁਲਵਿੰਦਰ ਸਿੰਘ ਦੀ ਮੌਤ, ਪਿੰਡ ‘ਚ ਛਾਇਆ ਸੋਗ

Admin User - Aug 16, 2026 09:51 AM
IMG

ਭਦੌੜ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡ ਕਾਹਨੇਕੇ ਵਿੱਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ, ਜਦੋਂ 23 ਸਾਲਾ ਅਗਨੀਵੀਰ ਸਿਪਾਹੀ ਕੁਲਵਿੰਦਰ ਸਿੰਘ ਦੀ ਫਿਰੋਜ਼ਪੁਰ ਵਿੱਚ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਸਿਪਾਹੀ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਕੁਲਵਿੰਦਰ ਸਿੰਘ ਕਰੀਬ ਤਿੰਨ ਸਾਲ ਪਹਿਲਾਂ ਫੌਜ ਦੀ 113 ਇੰਜੀਨੀਅਰ ਯੂਨਿਟ ਵਿੱਚ ਭਰਤੀ ਹੋਇਆ ਸੀ। ਉਹ ਦੇਸ਼ ਦੀ ਸੇਵਾ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਦਾ ਸੁਪਨਾ ਲੈ ਕੇ ਫੌਜ ਵਿੱਚ ਗਿਆ ਸੀ। ਪਰਿਵਾਰ ਮੁਤਾਬਕ ਉਹ ਘਰ ਦਾ ਮੁੱਖ ਕਮਾਉਣ ਵਾਲਾ ਸੀ ਅਤੇ ਉਸ ਦੀ ਆਮਦਨ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ।

ਕੁਲਵਿੰਦਰ ਸਿੰਘ ਦਾ ਪਾਰਥਿਵ ਸਰੀਰ ਤਿਰੰਗੇ ਵਿੱਚ ਲਪੇਟ ਕੇ ਉਸ ਦੇ ਜੱਦੀ ਪਿੰਡ ਕਾਹਨੇਕੇ ਲਿਆਂਦਾ ਗਿਆ। ਫੌਜ ਦੇ ਅਧਿਕਾਰੀ ਲੈਫਟੀਨੈਂਟ ਸ਼ਿਵ ਲੋਚਨ ਦੀ ਅਗਵਾਈ ਹੇਠ ਫੌਜੀ ਜਵਾਨਾਂ ਦੀ ਟੁਕੜੀ ਨੇ ਪੂਰੇ ਫੌਜੀ ਸਨਮਾਨਾਂ ਨਾਲ ਸ਼ਰਧਾਂਜਲੀ ਦਿੱਤੀ ਅਤੇ ਅੰਤਿਮ ਸਲਾਮੀ ਦਿੱਤੀ। ਇਸ ਤੋਂ ਬਾਅਦ ਪਰਿਵਾਰਕ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕੁਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਕੁਲਵਿੰਦਰ ਸਿੰਘ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਪਹਿਲਾਂ ਹੀ ਗੰਭੀਰ ਆਰਥਿਕ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਮੁਤਾਬਕ ਕੁਲਵਿੰਦਰ ਫੌਜ ਵਿੱਚ ਇਸ ਉਮੀਦ ਨਾਲ ਭਰਤੀ ਹੋਇਆ ਸੀ ਕਿ ਉਹ ਪਰਿਵਾਰ ਦੀ ਗਰੀਬੀ ਦੂਰ ਕਰੇਗਾ ਅਤੇ ਘਰ ਦਾ ਗੁਜ਼ਾਰਾ ਬਿਹਤਰ ਢੰਗ ਨਾਲ ਚਲਾ ਸਕੇਗਾ।

ਪਿਤਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੁੱਤਰ ਦੀ ਤਬੀਅਤ ਖ਼ਰਾਬ ਹੋਣ ਦੀ ਸੂਚਨਾ ਮਿਲੀ, ਤਾਂ ਪਰਿਵਾਰ ਦੀ ਮਾਲੀ ਹਾਲਤ ਇੰਨੀ ਕਮਜ਼ੋਰ ਸੀ ਕਿ ਉਨ੍ਹਾਂ ਕੋਲ ਫਿਰੋਜ਼ਪੁਰ ਜਾ ਕੇ ਪੁੱਤਰ ਨੂੰ ਮਿਲਣ ਲਈ ਕਿਰਾਇਆ ਤੱਕ ਨਹੀਂ ਸੀ। ਪਰਿਵਾਰ ਰੋਜ਼ਾਨਾ ਦਿਹਾੜੀ-ਮਜ਼ਦੂਰੀ ਕਰਕੇ ਆਪਣਾ ਖਰਚਾ ਚਲਾਉਂਦਾ ਹੈ।

ਪਰਿਵਾਰ ਵਿੱਚ ਕੁਲਵਿੰਦਰ ਸਿੰਘ ਦੇ ਮਾਤਾ-ਪਿਤਾ ਅਤੇ ਇੱਕ ਛੋਟਾ ਭਰਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਲਵਿੰਦਰ ਹੀ ਘਰ ਦੀ ਆਰਥਿਕ ਜ਼ਿੰਮੇਵਾਰੀ ਸੰਭਾਲ ਰਿਹਾ ਸੀ। ਉਸ ਦੀ ਮੌਤ ਨਾਲ ਪਰਿਵਾਰ ਸਾਹਮਣੇ ਆਰਥਿਕ ਸੰਕਟ ਹੋਰ ਵੀ ਗਹਿਰਾ ਹੋ ਗਿਆ ਹੈ।

ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਆਰਥਿਕ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਗਈ ਹੈ, ਤਾਂ ਜੋ ਪਰਿਵਾਰ ਆਪਣਾ ਜੀਵਨ ਮੁੜ ਸੰਭਾਲ ਸਕੇ।

ਪਿੰਡ ਵਾਸੀਆਂ ਨੇ ਕੁਲਵਿੰਦਰ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਨਾਜ਼ੁਕ ਹੈ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਸਥਿਤੀ ਨੂੰ ਦੇਖਦੇ ਹੋਏ ਤੁਰੰਤ ਅਤੇ ਢੁਕਵੀਂ ਵਿੱਤੀ ਸਹਾਇਤਾ ਦਿੱਤੀ ਜਾਵੇ।

ਦੇਸ਼ ਦੀ ਸੇਵਾ ਕਰਦਿਆਂ ਨੌਜਵਾਨ ਸਿਪਾਹੀ ਦੀ ਹੋਈ ਬੇਵਕਤੀ ਮੌਤ ਨੇ ਪੂਰੇ ਪਿੰਡ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਹੁਣ ਸਰਕਾਰ ਤੋਂ ਮਦਦ ਅਤੇ ਸਹਾਰੇ ਦੀ ਉਮੀਦ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.