ਤਾਜਾ ਖਬਰਾਂ
ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੰਗਲਵਾਰ ਨੂੰ ਦਿੱਲੀ ਸਥਿਤ ਰਿਹਾਇਸ਼ ਵਿਖੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਧਰਮਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਨਾਲ ਖ਼ਾਸ ਮੁਲਾਕਾਤ ਕੀਤੀ। ਇਸ ਦੌਰਾਨ ਔਜਲਾ ਨੇ ਸ੍ਰੀਮਤੀ ਗੁਰਸ਼ਰਨ ਕੌਰ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਲਿਆਂਦਾ ਪ੍ਰਸਾਦ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਡਾ. ਮਨਮੋਹਨ ਸਿੰਘ ਦੁਆਰਾ ਦੇਸ਼ ਲਈ ਦਿੱਤੇ ਅਤੁਲਯ ਯੋਗਦਾਨ ਅਤੇ ਨਿਸ਼ਕਾਮ ਸੇਵਾਵਾਂ ਨੂੰ ਸ਼ਰਧਾ ਨਾਲ ਯਾਦ ਕੀਤਾ।
ਸੰਸਦ ਮੈਂਬਰ ਔਜਲਾ ਨੇ ਡਾ. ਮਨਮੋਹਨ ਸਿੰਘ ਦੀ ਸਾਦਗੀ, ਇਮਾਨਦਾਰੀ ਅਤੇ ਵਿਲੱਖਣ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਕਾਰਜਕਾਲ ਦੌਰਾਨ ਦੇਸ਼ ਦੀ ਤਰੱਕੀ ਲਈ ਮਹੱਤਵਪੂਰਨ ਕੰਮ ਕਰਨ ਦੇ ਬਾਵਜੂਦ ਡਾ. ਸਿੰਘ ਨੂੰ ਬਿਨਾਂ ਵਜ੍ਹਾ ਤਿੱਖੀ ਆਲੋਚਨਾ ਅਤੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਤੌਰ 'ਤੇ ਭਾਜਪਾ ਦੁਆਰਾ ਉਨ੍ਹਾਂ ਦੀ ਇਮਾਨਦਾਰੀ 'ਤੇ ਸਵਾਲ ਖੜ੍ਹੇ ਕੀਤੇ ਗਏ, ਪਰ ਅੱਜ ਸਮਾਂ ਉਨ੍ਹਾਂ ਦੀ ਬੇਦਾਗ਼ ਤਸਵੀਰ ਅਤੇ ਨਿਸ਼ਕਾਮ ਸੇਵਾ ਦਾ ਸਭ ਤੋਂ ਵੱਡਾ ਗਵਾਹ ਬਣ ਕੇ ਸਾਹਮਣੇ ਆਇਆ ਹੈ।
ਗੁਰਜੀਤ ਸਿੰਘ ਔਜਲਾ ਨੇ ਡਾ. ਮਨਮੋਹਨ ਸਿੰਘ ਨੂੰ ਮਨੁੱਖਤਾ ਲਈ ਇੱਕ ਅਨਮੋਲ ਦੇਣ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਿਆਸਤ ਤੋਂ ਉੱਪਰ ਉੱਠ ਕੇ ਦੇਸ਼ ਵਾਸੀਆਂ ਦੀ ਭਲਾਈ ਲਈ ਸਮਰਪਿਤ ਰਿਹਾ। ਮੁਲਾਕਾਤ ਦੌਰਾਨ ਔਜਲਾ ਨੇ ਪਰਿਵਾਰ ਪ੍ਰਤੀ ਗੂੜ੍ਹੀ ਸੰਵੇਦਨਾ ਤੇ ਸਤਿਕਾਰ ਪ੍ਰਗਟਾਇਆ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਡਾ. ਸਿੰਘ ਦੇ ਉੱਚੇ-ਸੁੱਚੇ ਆਦਰਸ਼ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਸਹੀ ਮਾਰਗਦਰਸ਼ਨ ਅਤੇ ਪ੍ਰੇਰਨਾ ਦਿੰਦੇ ਰਹਿਣ।
Get all latest content delivered to your email a few times a month.