ਤਾਜਾ ਖਬਰਾਂ
ਲੁਧਿਆਣਾ: ਸ਼ਹਿਰ ਦੇ ਸਭ ਤੋਂ ਮਸ਼ਹੂਰ ਅਤੇ ਭੀੜਭਾੜ ਵਾਲੇ ਇਲਾਕੇ ਘੰਟਾਘਰ ਚੌਕ ਵਿਖੇ ਬੀਤੀ ਰਾਤ ਗੋਲੀਬਾਰੀ ਦੀ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ। ਗੱਡੀ ਸਵਾਰ ਅਣਪਛਾਤੇ ਨੌਜਵਾਨਾਂ ਨੇ ਤਾਬੜਤੋੜ ਗੋਲੀਆਂ ਚਲਾ ਕੇ ਇੱਕ ਵੀਡੀਓ ਫੋਟੋਗ੍ਰਾਫ਼ਰ ਦਾ ਕਤਲ ਕਰ ਦਿੱਤਾ, ਜਦਕਿ ਉਸ ਦਾ ਦੋਸਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ, ਜੋ ਕਿ ਪੇਸ਼ੇ ਤੋਂ ਫੋਟੋਗ੍ਰਾਫ਼ਰ ਅਤੇ ਵੀਡੀਓ ਮਿਕਸਿੰਗ ਦਾ ਕੰਮ ਕਰਦਾ ਸੀ, ਆਪਣੇ ਦੋਸਤ ਦੀ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋ ਕੇ ਪਰਤ ਰਿਹਾ ਸੀ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਗੱਡੀ 'ਚ ਆਏ ਕੁਝ ਨੌਜਵਾਨਾਂ ਨਾਲ ਉਸ ਦੀ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਮਾਮਲਾ ਐਨਾ ਵਿਗੜ ਗਿਆ ਕਿ ਕਾਰ ਸਵਾਰਾਂ ਨੇ ਪਿਸਤੌਲ ਕੱਢ ਕੇ ਅੰਧਾਧੁੰਦ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਘਰ 'ਚ ਮਾਤਮ ਛਾ ਗਿਆ ਹੈ। ਪਰਿਵਾਰ ਦੇ ਇਕਲੌਤੇ ਕਮਾਊ ਜੀਅ ਦੀ ਮੌਤ ਨਾਲ ਪਤਨੀ ਅਤੇ ਦੋ ਛੋਟੇ ਬੱਚਿਆਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮ੍ਰਿਤਕ ਦੀ ਮਾਂ ਅਤੇ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ। ਪੀੜਤ ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲੀਸ ਨੇ ਚਸ਼ਮਦੀਦਾਂ ਦੇ ਬਿਆਨਾਂ ਅਤੇ ਆਸ-ਪਾਸ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.