ਤਾਜਾ ਖਬਰਾਂ
ਸੰਯੁਕਤ ਰਾਜ ਅਮਰੀਕਾ ਵਿੱਚ ਨੌਕਰੀ ਕਰਨ ਦਾ ਸੁਪਨਾ ਵੇਖ ਰਹੇ ਵਿਦੇਸ਼ੀ ਪੇਸ਼ੇਵਰਾਂ, ਖਾਸ ਕਰਕੇ ਭਾਰਤੀ ਆਈ.ਟੀ. ਮਾਹਰਾਂ ਲਈ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਪ੍ਰਕਿਰਿਆ ਨੂੰ ਲੈ ਕੇ ਇੱਕ ਵੱਡਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਤਹਿਤ ਸਾਲਾਨਾ ਵੀਜ਼ਾ ਸੀਮਾ (ਕੈਪ) ਅਧੀਨ ਆਉਣ ਵਾਲੀਆਂ ਸਾਰੀਆਂ H-1B ਅਰਜ਼ੀਆਂ 'ਤੇ $1,03,265 (ਲਗਭਗ 85 ਲੱਖ ਤੋਂ 99 ਲੱਖ ਰੁਪਏ) ਦੀ ਵੱਖਰੀ ਵਾਧੂ ਫ਼ੀਸ ਲਗਾਉਣ ਦੀ ਯੋਜਨਾ ਬਣਾਈ ਗਈ ਹੈ।
ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਦੁਆਰਾ ਤਿਆਰ ਕੀਤਾ ਗਿਆ ਇਹ ਪ੍ਰਸਤਾਵ ਅਮਰੀਕੀ ਸਰਕਾਰ ਦੇ ਅਧਿਕਾਰਤ 'ਫੈਡਰਲ ਰਜਿਸਟਰ' ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ $1,03,265 ਦੀ ਰਾਸ਼ੀ ਮੌਜੂਦਾ ਵੀਜ਼ਾ ਅਰਜ਼ੀ ਫ਼ੀਸ ਤੋਂ ਇਲਾਵਾ ਹੋਵੇਗੀ। ਇਹ ਨਵੀਂ ਫ਼ੀਸ ਸਿਰਫ਼ ਸਾਲਾਨਾ ਨਿਰਧਾਰਤ ਸੀਮਾ ਦੇ ਅਧੀਨ ਆਉਂਦੀਆਂ ਅਰਜ਼ੀਆਂ 'ਤੇ ਹੀ ਲਾਗੂ ਹੋਵੇਗੀ, ਜਦਕਿ ਇਸ ਸੀਮਾ ਤੋਂ ਬਾਹਰ ਵਾਲੀਆਂ ਅਰਜ਼ੀਆਂ ਨੂੰ ਛੋਟ ਰਹੇਗੀ।
ਜ਼ਿਕਰਯੋਗ ਹੈ ਕਿ H-1B ਇੱਕ ਅਜਿਹਾ ਵਰਕ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਤਕਨੀਕੀ ਅਤੇ ਵਿਸ਼ੇਸ਼ ਹੁਨਰਮੰਦ ਕਾਮਿਆਂ (ਜਿਵੇਂ ਆਈ.ਟੀ., ਇੰਜੀਨੀਅਰਿੰਗ, ਮੈਡੀਕਲ ਅਤੇ ਵਿੱਤ ਖੇਤਰ) ਨੂੰ ਨੌਕਰੀ 'ਤੇ ਰੱਖਣ ਦੀ ਆਗਿਆ ਦਿੰਦਾ ਹੈ। ਅਮਰੀਕਾ ਹਰ ਸਾਲ ਨਿਯਮਤ ਸ਼੍ਰੇਣੀ ਤਹਿਤ 65,000 ਅਤੇ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰਜ਼ ਡਿਗਰੀ ਧਾਰਕਾਂ ਲਈ 20,000 ਵਾਧੂ ਵੀਜ਼ੇ (ਕੁੱਲ 85,000 ਵੀਜ਼ੇ) ਜਾਰੀ ਕਰਦਾ ਹੈ। ਜੇਕਰ ਇਹ ਪ੍ਰਸਤਾਵ ਲਾਗੂ ਹੁੰਦਾ ਹੈ ਤਾਂ ਇਨ੍ਹਾਂ ਸਾਰੀਆਂ 85,000 ਅਰਜ਼ੀਆਂ 'ਤੇ ਭਾਰੀ ਵਾਧੂ ਆਰਥਿਕ ਬੋਝ ਪਵੇਗਾ, ਜਿਸ ਨਾਲ ਕੰਪਨੀਆਂ ਲਈ ਵਿਦੇਸ਼ੀ ਕਾਮਿਆਂ ਨੂੰ ਸਪਾਂਸਰ ਕਰਨਾ ਕਾਫ਼ੀ ਮਹਿੰਗਾ ਹੋ ਜਾਵੇਗਾ।
Get all latest content delivered to your email a few times a month.