IMG-LOGO
ਹੋਮ ਪੰਜਾਬ: ਸ੍ਰੀ ਮੁਕਤਸਰ ਸਾਹਿਬ ’ਚ ਨਸ਼ਿਆਂ ਖ਼ਿਲਾਫ਼ ਪੰਚਾਇਤ ਦਾ ਸਖ਼ਤ ਫ਼ੈਸਲਾ,...

ਸ੍ਰੀ ਮੁਕਤਸਰ ਸਾਹਿਬ ’ਚ ਨਸ਼ਿਆਂ ਖ਼ਿਲਾਫ਼ ਪੰਚਾਇਤ ਦਾ ਸਖ਼ਤ ਫ਼ੈਸਲਾ, ਨਸ਼ਾ ਤਸਕਰਾਂ ਦੀ ਜ਼ਮਾਨਤ ਕਰਵਾਉਣ ਵਾਲਿਆਂ ’ਤੇ 10 ਹਜ਼ਾਰ ਰੁਪਏ ਜੁਰਮਾਨਾ

Admin User - Aug 26, 2026 05:24 PM
IMG

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪਿੰਡ ਪੱਧਰ ’ਤੇ ਇੱਕ ਅਹਿਮ ਪਹਿਲ ਸਾਹਮਣੇ ਆਈ ਹੈ। ਲੰਬੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਕਬਰਵਾਲਾ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨਸ਼ਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ ਇੱਕ ਮਤਾ ਪਾਸ ਕੀਤਾ ਹੈ। ਇਸ ਮਤੇ ਤਹਿਤ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਜ਼ਮਾਨਤ ਲਈ ਖੜ੍ਹੇ ਹੋਣ ਵਾਲੇ ਵਿਅਕਤੀ ’ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਪੰਚਾਇਤ ਦੇ ਇਸ ਫ਼ੈਸਲੇ ਨੂੰ ਪਿੰਡ ਦੇ ਲੋਕਾਂ ਤੱਕ ਪਹੁੰਚਾਉਣ ਲਈ ਗੁਰਦੁਆਰਾ ਸਾਹਿਬ ਤੋਂ ਮੁਨਿਆਦੀ ਵੀ ਕਰਵਾਈ ਗਈ। ਪਿੰਡ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਪੰਚਾਇਤ ਅਤੇ ਪਿੰਡ ਦੇ ਮੋਹਤਵਰਾਂ ਦਾ ਕਹਿਣਾ ਹੈ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਾਂਝੇ ਤੌਰ ’ਤੇ ਯਤਨ ਕਰਨ ਦੀ ਲੋੜ ਹੈ।

ਪੰਚਾਇਤ ਵੱਲੋਂ ਸਿਰਫ਼ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤੀ ਹੀ ਨਹੀਂ, ਸਗੋਂ ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਵੀ ਉਪਰਾਲਾ ਕੀਤਾ ਗਿਆ ਹੈ। ਇਸ ਮਕਸਦ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਸਵਰਨ ਸਿੰਘ ਬੱਲ ਮੁਤਾਬਕ ਕਮੇਟੀ ਵੱਲੋਂ ਕਥਿਤ ਤੌਰ ’ਤੇ ਨਸ਼ੇ ਤੋਂ ਪ੍ਰਭਾਵਿਤ ਨੌਜਵਾਨਾਂ ਦੀ ਸੂਚੀ ਤਿਆਰ ਕੀਤੀ ਗਈ ਹੈ।

ਕਮੇਟੀ ਦੇ ਮੈਂਬਰ ਇਨ੍ਹਾਂ ਨੌਜਵਾਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ। ਇਸ ਦੇ ਨਾਲ ਹੀ ਲੋੜ ਪੈਣ ’ਤੇ ਨਸ਼ਾ ਛੁਡਾਊ ਇਲਾਜ ਕਰਵਾਉਣ ਅਤੇ ਪਰਿਵਾਰਾਂ ਦੀ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਪੰਚਾਇਤ ਵੱਲੋਂ ਪਾਸ ਕੀਤੇ ਮਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪਿੰਡ ਪੱਧਰ ’ਤੇ ਕਿਸੇ ਤਰ੍ਹਾਂ ਦੀ ਹਮਦਰਦੀ ਨਹੀਂ ਦਿਖਾਈ ਜਾਵੇਗੀ। ਇਸ ਦੇ ਨਾਲ ਹੀ ਨਸ਼ੇ ਦੇ ਆਦੀ ਵਿਅਕਤੀ ਨੂੰ ਅਪਰਾਧੀ ਸਮਝਣ ਦੀ ਬਜਾਏ ਉਸ ਦਾ ਇਲਾਜ ਕਰਵਾਉਣ ਅਤੇ ਨਸ਼ਾ ਛੁਡਾਉਣ ਲਈ ਪ੍ਰੇਰਿਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।

ਪਿੰਡ ਦੇ ਸਰਪੰਚ ਅਤੇ ਮੋਹਤਵਰਾਂ ਮੁਤਾਬਕ ਇਸ ਮੁਹਿੰਮ ਨੂੰ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਪਿੰਡ ਦੀ ਸਾਂਝੀ ਮੁਹਿੰਮ ਵਜੋਂ ਅੱਗੇ ਵਧਾਉਣ ’ਤੇ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਾਰਿਆਂ ਦਾ ਮੁੱਖ ਮਕਸਦ ਹੈ ਅਤੇ ਇਸ ਲਈ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।

ਕਬਰਵਾਲਾ ਪਿੰਡ ਦੀ ਪੰਚਾਇਤ ਦਾ ਇਹ ਫ਼ੈਸਲਾ ਨਸ਼ਿਆਂ ਖ਼ਿਲਾਫ਼ ਸਮਾਜਿਕ ਪੱਧਰ ’ਤੇ ਸਖ਼ਤ ਰੁਖ਼ ਦੇ ਨਾਲ-ਨਾਲ ਨਸ਼ੇ ਦੀ ਲਤ ਨਾਲ ਪ੍ਰਭਾਵਿਤ ਲੋਕਾਂ ਦੇ ਇਲਾਜ ਅਤੇ ਮੁੜ ਵਸੇਬੇ ਵੱਲ ਧਿਆਨ ਦੇਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.