ਤਾਜਾ ਖਬਰਾਂ
ਨੇਪਾਲ ਅਤੇ ਤਿੱਬਤ ਦੇ ਸਰਹੱਦੀ ਖੇਤਰਾਂ ਵਿੱਚ ਆਏ ਭਿਆਨਕ ਕੁਦਰਤੀ ਕਹਿਰ ਨੇ ਵੱਡੀ ਤਬਾਹੀ ਮਚਾਈ ਹੈ। ਸ਼ੁੱਕਰਵਾਰ ਸ਼ਾਮ ਤੱਕ ਹੜ੍ਹਾਂ ਅਤੇ ਪਹਾੜ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 584 ਤੱਕ ਪਹੁੰਚ ਗਈ ਹੈ, ਜਦਕਿ 2,482 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਨੇਪਾਲ ਵਿੱਚ 579 ਲਾਸ਼ਾਂ ਬਰਾਮਦ ਹੋਈਆਂ ਹਨ ਅਤੇ ਤਿੱਬਤ ਵਿੱਚ 5 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ ਦੁਖਦਾਈ ਘਟਨਾ ਦੌਰਾਨ ਨੇਪਾਲ ਵਿੱਚ ਮੌਜੂਦ 320 ਭਾਰਤੀ ਨਾਗਰਿਕਾਂ ਨਾਲ ਵੀ ਸੰਪਰਕ ਟੁੱਟ ਗਿਆ ਹੈ।
ਆਫ਼ਤ ਦੇ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਅਧਿਆਤਮਿਕ ਗੁਰੂ ਜੱਗੀ ਵਾਸੂਦੇਵ (ਸਦਗੁਰੂ) ਦੀ ਈਸ਼ਾ ਫਾਊਂਡੇਸ਼ਨ ਦੇ 77 ਸ਼ਰਧਾਲੂਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਹ 19 ਦੇਸ਼ਾਂ (ਜਿਨ੍ਹਾਂ ਵਿੱਚ ਅਮਰੀਕਾ ਦੇ 22, ਕੈਨੇਡਾ ਦੇ 12, ਆਸਟ੍ਰੇਲੀਆ ਦੇ 11 ਅਤੇ ਯੂ.ਕੇ. ਦੇ 9 ਨਾਗਰਿਕ ਸ਼ਾਮਲ ਹਨ) ਦੇ ਸ਼ਰਧਾਲੂਆਂ ਦਾ ਸਮੂਹ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਸੀ। ਫਾਊਂਡੇਸ਼ਨ ਵੱਲੋਂ ਭਾਰਤ, ਚੀਨ ਅਤੇ ਨੇਪਾਲ ਦੇ ਦੂਤਾਵਾਸਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਘਟਨਾ ਦੇ ਤੀਜੇ ਦਿਨ 2,391 ਨੇਪਾਲੀ ਫ਼ੌਜੀਆਂ ਸਮੇਤ ਕੁੱਲ 7,451 ਸੁਰੱਖਿਆ ਕਰਮਚਾਰੀ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਸਨ। ਹਾਲਾਂਕਿ, ਭੋਟੇ ਕੋਸ਼ੀ ਨਦੀ ਵਿੱਚ ਪਾਣੀ ਦਾ ਪੱਧਰ ਵਧਣ, 50 ਹਜ਼ਾਰ ਘਣ ਮੀਟਰ ਬਰਫ਼ ਦਾ ਮਲਬਾ ਹੇਠਾਂ ਡਿੱਗਣ ਅਤੇ ਉੱਪਰਲੇ ਇਲਾਕੇ ਵਿੱਚ ਇੱਕ ਹੋਰ ਖ਼ਤਰਨਾਕ ਝੀਲ ਬਣਨ ਕਾਰਨ ਬਚਾਅ ਟੀਮਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ।
ਸਭ ਤੋਂ ਵੱਧ ਨੁਕਸਾਨ ਚਿਤਵਨ (221 ਮੌਤਾਂ) ਅਤੇ ਨਵਲਪਰਾਸੀ ਪੂਰਬ (134 ਮੌਤਾਂ) ਵਿੱਚ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਕਈ ਸੁਰੰਗਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਅਜੇ ਵੀ ਖੋਜ ਕਾਰਜ ਜਾਰੀ ਹਨ, ਜਿਸ ਕਾਰਨ ਲਾਪਤਾ ਵਿਅਕਤੀਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ।
Get all latest content delivered to your email a few times a month.