ਤਾਜਾ ਖਬਰਾਂ
ਪੰਜਾਬ ਯੂਨੀਵਰਸਿਟੀ (PU) ਅਤੇ ਚੰਡੀਗੜ੍ਹ ਦੇ ਪ੍ਰਮੁੱਖ ਕਾਲਜਾਂ ਦਾ ਵਿਦਿਆਰਥੀ ਸਿਆਸਤ ਦਾ ਇਤਿਹਾਸ ਹਮੇਸ਼ਾ ਵਿਚਾਰਧਾਰਕ ਬਹਿਸਾਂ ਅਤੇ ਵਿਦਿਆਰਥੀ ਹੱਕਾਂ ਦੀ ਲੜਾਈ ਲਈ ਜਾਣਿਆ ਜਾਂਦਾ ਰਿਹਾ ਹੈ। ਪਰ ਪਿਛਲੇ ਕੁੱਝ ਸਾਲਾਂ ਦੌਰਾਨ ਕੈਂਪਸ ਰਾਜਨੀਤੀ ਦੀ ਆੜ 'ਚ ਸ਼ੁਰੂ ਹੋਈ ਗੈਂਗਵਾਰ ਨੇ ਪੂਰੇ ਖੇਤਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਵਿਦਿਆਰਥੀ ਧੜੇਬੰਦੀ ਤੋਂ ਸ਼ੁਰੂ ਹੋਈਆਂ ਛੋਟੀਆਂ-ਮੋਟੀਆਂ ਝੜਪਾਂ ਨੇ ਅੱਜ ਅੰਤਰਰਾਸ਼ਟਰੀ ਪੱਧਰ ਦੇ ਅਪਰਾਧਿਕ ਨੈੱਟਵਰਕ ਦਾ ਰੂਪ ਧਾਰਨ ਕਰ ਲਿਆ ਹੈ।
ਲਾਰੈਂਸ ਬਿਸ਼ਨੋਈ: ਸੈਕਟਰ-10 ਦੇ ਡੀ.ਏ.ਵੀ. ਕਾਲਜ ਦਾ ਸਾਬਕਾ ਵਿਦਿਆਰਥੀ ਅਤੇ ਪੀ.ਯੂ. ਤੋਂ ਐੱਲ.ਐੱਲ.ਬੀ. (LLB) ਕਰਨ ਵਾਲੇ ਲਾਰੈਂਸ ਦਾ ਨਾਂ ਵਿਦਿਆਰਥੀ ਸੰਗਠਨ SOPU ਨਾਲ ਜੁੜਿਆ ਸੀ। ਸਾਲ 2010-11 ਦੀਆਂ ਚੋਣਾਂ ਦੌਰਾਨ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਉਹ ਅਪਰਾਧ ਦੀ ਦੁਨੀਆ 'ਚ ਧੱਸਦਾ ਚਲਾ ਗਿਆ। ਅੱਜ ਸਿੱਧੂ ਮੂਸੇਵਾਲਾ ਕਤਲਕਾਂਡ, ਬਾਬਾ ਸਿੱਦੀਕੀ ਹੱਤਿਆਕਾਂਡ ਅਤੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਵਰਗੇ ਸੰਗੀਨ ਮਾਮਲਿਆਂ ਵਿੱਚ ਉਸ ਦਾ ਗੈਂਗ ਮੁੱਖ ਮੁਲਜ਼ਮ ਵਜੋਂ ਸਾਹਮਣੇ ਆਇਆ ਹੈ।
ਗੋਲਡੀ ਬਰਾੜ: ਪੀ.ਯੂ. ਕੈਂਪਸ ਦੀ ਰਾਜਨੀਤੀ ਦੌਰਾਨ ਲਾਰੈਂਸ ਦੇ ਸੰਪਰਕ 'ਚ ਆਇਆ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਬਾਅਦ 'ਚ ਕੈਨੇਡਾ ਚਲਾ ਗਿਆ। ਉੱਥੋਂ ਹੀ ਉਸ ਨੇ ਬਿਸ਼ਨੋਈ ਗੈਂਗ ਦਾ ਕਮਾਂਡਰ ਬਣ ਕੇ ਅਪਰਾਧਿਕ ਨੈੱਟਵਰਕ ਚਲਾਇਆ। ਭਾਰਤ ਸਰਕਾਰ ਵੱਲੋਂ ਉਸ ਨੂੰ UAPA ਤਹਿਤ ਅੱਤਵਾਦੀ ਨਾਮਜ਼ਦ ਕੀਤਾ ਜਾ ਚੁੱਕਾ ਹੈ।
ਸੰਪਤ ਨਹਿਰਾ (ਐਥਲੀਟ ਤੋਂ ਸ਼ਾਰਪਸ਼ੂਟਰ): ਸੈਕਟਰ-26 ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨਾਲ ਜੁੜਿਆ ਸੰਪਤ ਨਹਿਰਾ ਰਾਸ਼ਟਰੀ ਪੱਧਰ ਦਾ ਖਿਡਾਰੀ ਸੀ। ਕੈਂਪਸ ਰਾਜਨੀਤੀ ਦੌਰਾਨ ਲਾਰੈਂਸ ਦੇ ਸੰਪਰਕ 'ਚ ਆ ਕੇ ਉਹ ਐਥਲੀਟ ਤੋਂ ਬਿਸ਼ਨੋਈ ਗੈਂਗ ਦਾ ਸ਼ਾਰਪਸ਼ੂਟਰ ਬਣ ਗਿਆ। ਉਸ 'ਤੇ ਇਰਾਦਾ-ਏ-ਕਤਲ ਅਤੇ ਜਬਰੀ ਵਸੂਲੀ ਦੇ ਕਈ ਕੇਸ ਦਰਜ ਹਨ ਅਤੇ ਉਸ ਨੇ ਸਲਮਾਨ ਖ਼ਾਨ ਦੇ ਘਰ ਦੀ ਰੇਕੀ ਵੀ ਕੀਤੀ ਸੀ।
ਪੁਲਿਸ ਜਾਂਚ ਮੁਤਾਬਕ ਯੂਨੀਵਰਸਿਟੀ ਵਿੱਚ ਅਪਣੀ ਸਰਬੋਤਮਤਾ ਕਾਇਮ ਕਰਨ ਲਈ ਜਦੋਂ ਵਿਦਿਆਰਥੀ ਲੀਡਰਾਂ ਨੇ ਬਾਹਰੀ ਅਪਰਾਧੀ ਤੱਤਾਂ ਅਤੇ ਹਥਿਆਰਾਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ, ਤਾਂ ਕੈਂਪਸ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ। ਹਾਲਾਂਕਿ, ਕਾਨੂੰਨੀ ਮਾਹਰਾਂ ਦਾ ਮੰਨਣਾ ਹੈ ਕਿ ਸਿਰਫ਼ ਵਿਦਿਆਰਥੀ ਰਾਜਨੀਤੀ ਨੂੰ ਹੀ ਅਪਰਾਧ ਦਾ ਕਾਰਨ ਨਹੀਂ ਮੰਨਿਆ ਜਾ ਸਕਦਾ, ਪਰ ਸੰਗਠਨਾਂ ਦੀ ਆੜ ਵਿੱਚ ਹੋਏ ਅਪਰਾਧਿਕ ਸਮਝੌਤਿਆਂ ਨੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਗੈਂਗਸਟਰਵਾਦ ਵੱਲ ਧੱਕ ਦਿੱਤਾ।
Get all latest content delivered to your email a few times a month.