ਤਾਜਾ ਖਬਰਾਂ
ਬਾਬਾ ਬਕਾਲਾ ਸਾਹਿਬ ਵਿਖੇ ਚੱਲ ਰਹੇ ਇਤਿਹਾਸਕ ਰੱਖੜ ਪੁੰਨਿਆ ਮੇਲੇ ਦੌਰਾਨ ਦੇਰ ਰਾਤ ਇੱਕ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਜਾ ਸਿੰਘ (ਪੁੱਤਰ ਸਰਬਜੀਤ ਸਿੰਘ) ਵਾਸੀ ਪਿੰਡ ਮਿਗਲਾਨੀ ਵਜੋਂ ਹੋਈ ਹੈ। ਰਾਜਾ ਸਿੰਘ ਰੱਖੜ ਪੁੰਨਿਆ ਮੇਲੇ 'ਚ ਹਾਜ਼ਰੀ ਭਰਨ ਆਇਆ ਸੀ।
ਜਾਣਕਾਰੀ ਅਨੁਸਾਰ ਰਾਜਾ ਸਿੰਘ ਦੀ ਲਾਸ਼ ਬਾਬਾ ਬਕਾਲਾ ਦੇ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਇੱਕ ਖ਼ਾਲੀ ਥਾਂ ਤੋਂ ਬਰਾਮਦ ਹੋਈ। ਹਮਲਾਵਰਾਂ ਨੇ ਬਹੁਤ ਨੇੜਿਓਂ ਉਸ ਦੀ ਛਾਤੀ 'ਚ ਕਈ ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਅਨੁਸਾਰ ਮੁੱਢਲੀ ਜਾਂਚ 'ਚ ਮਾਮਲਾ ਪੁਰਾਣੀ ਰੰਜਿਸ਼ ਜਾਂ ਮੇਲੇ ਦੌਰਾਨ ਹੋਈ ਕਿਸੇ ਕਹਾ-ਸੁਣੀ ਦਾ ਲੱਗਦਾ ਹੈ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਇਲਾਕੇ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਾਤਲਾਂ ਦੀ ਪਛਾਣ ਕੀਤੀ ਜਾ ਸਕੇ।
ਇੱਕ ਹੋਰ ਵੱਖਰੀ ਘਟਨਾ ਵਿੱਚ, ਲੁਧਿਆਣਾ ਦੇ ਬਾਹਰਲਾ ਗੁਰਦੁਆਰਾ ਸਾਹਿਬ ਵਿਖੇ ਮੀਰੀ-ਪੀਰੀ ਦਿਵਸ ਦੇ ਸਮਾਗਮ ਦੌਰਾਨ ਦੋ ਨਿਹੰਗਾਂ ਵਿਚਾਲੇ ਖ਼ੂਨੀ ਝੜਪ ਹੋ ਗਈ। ਬਹਿਸਬਾਜ਼ੀ ਇੰਨੀ ਵਧ ਗਈ ਕਿ ਹਰਿਆਣਾ (ਫਤਿਹਾਬਾਦ) ਦੇ ਰਹਿਣ ਵਾਲੇ ਨਿਹੰਗ ਸੋਹਣ ਸਿੰਘ ਨੇ ਸੋਨੂੰ ਨਾਮ ਦੇ ਵਿਅਕਤੀ ਦੀ ਗਰਦਨ 'ਤੇ ਕਿਰਪਾਨ ਨਾਲ ਤਾਬੜਤੋੜ ਵਾਰ ਕਰ ਦਿੱਤਾ। ਗੰਭੀਰ ਜ਼ਖ਼ਮੀ ਹੋਣ ਕਾਰਨ ਸੋਨੂੰ ਦੀ ਥਾਂ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.