ਤਾਜਾ ਖਬਰਾਂ
ਪੰਜਾਬ ਕਾਂਗਰਸ ਅੰਦਰ ਚੱਲ ਰਹੀ ਅੰਦਰੂਨੀ ਖਿੱਚੋਤਾਣ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਹੋਈ ਪਾਰਟੀ ਦੀ ਸਿਆਸੀ ਕਾਨਫ਼ਰੰਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ਜੰਮ ਕੇ ਹੰਗਾਮਾ ਅਤੇ ਨਾਅਰੇਬਾਜ਼ੀ ਕੀਤੀ। ਚੰਨੀ ਧੜੇ ਨੇ ਉਨ੍ਹਾਂ ਨੂੰ ਭਵਿੱਖ ਦਾ ਮੁੱਖ ਮੰਤਰੀ ਚਿਹਰਾ ਐਲਾਨਣ ਦੀ ਜ਼ੋਰਦਾਰ ਮੰਗ ਚੁੱਕ ਕੇ ਸੂਬਾ ਸਿਆਸਤ ਵਿੱਚ ਨਵਾਂ ਭੂਚਾਲ ਲਿਆ ਦਿੱਤਾ ਹੈ।
ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਚੰਨੀ ਦੇ ਹੱਕ ਵਿੱਚ ਬਹੁਤ ਭਾਵੁਕ ਹੁੰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀ ਵਫ਼ਾਦਾਰੀ ਸਿਰਫ਼ ਚਰਨਜੀਤ ਸਿੰਘ ਚੰਨੀ ਨਾਲ ਹੈ। ਸਿੱਕੀ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ, "ਜੇ ਚੰਨੀ ਕਾਂਗਰਸ ਵਿੱਚ ਹੋਣਗੇ ਤਾਂ ਅਸੀਂ ਕਾਂਗਰਸ 'ਚ ਰਹਾਂਗੇ, ਉਹ ਜਿੱਥੇ ਜਾਣਗੇ ਅਸੀਂ ਉੱਥੇ ਜਾਵਾਂਗੇ। ਜੇਕਰ ਉਹ ਚੋਣ ਲੜਨਗੇ ਤਾਂ ਹੀ ਅਸੀਂ ਲੜਾਂਗੇ, ਅਸੀਂ ਚੰਨੀ ਲਈ ਮਰਨ ਤੱਕ ਨੂੰ ਤਿਆਰ ਹਾਂ।" ਉਨ੍ਹਾਂ ਪਾਰਟੀ ਵਰਕਰਾਂ ਨੂੰ ਵੀ ਚੰਨੀ ਦੇ ਸਮਰਥਨ 'ਚ ਡਟਣ ਦੀ ਅਪੀਲ ਕੀਤੀ।
ਕਾਨਫ਼ਰੰਸ ਦੀ ਸਟੇਜ 'ਤੇ ਹਾਈਕਮਾਨ ਦੇ ਆਗੂਆਂ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਸਾਬਕਾ CM ਚੰਨੀ ਦੀਆਂ ਤਸਵੀਰਾਂ ਹੀ ਪ੍ਰਮੁੱਖਤਾ ਨਾਲ ਲਗਾਈਆਂ ਗਈਆਂ ਸਨ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਅਤੇ ਹਰਮਿੰਦਰ ਸਿੰਘ ਗਿੱਲ ਵਰਗੇ ਸੀਨੀਅਰ ਆਗੂ ਮੌਜੂਦ ਸਨ, ਪਰ ਚੰਨੀ ਧੜੇ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਦੂਰੀਆਂ ਸਾਫ਼ ਝਲਕ ਰਹੀਆਂ ਸਨ।
ਦਿੱਲੀ ਵਿੱਚ ਹੋਈਆਂ ਉੱਚ-ਪੱਧਰੀ ਬੈਠਕਾਂ ਦੇ ਬਾਵਜੂਦ ਚੰਨੀ ਸਮਰਥਕ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ 'ਤੇ ਅੜੇ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਧੜੇ ਨੇ ਪਾਰਟੀ ਦੇ ਕੇਂਦਰੀ ਆਗੂ ਭੁਪੇਸ਼ ਬਘੇਲ ਦੇ ਪੰਜਾਬ ਦੌਰੇ ਅਤੇ ਏਕਤਾ ਮੁਹਿੰਮਾਂ ਤੋਂ ਵੀ ਦੂਰੀ ਬਣਾ ਕੇ ਰੱਖੀ ਸੀ, ਜਿਸ ਨਾਲ ਹਾਈਕਮਾਨ ਦੀਆਂ ਚਿੰਤਾਵਾਂ ਵਧ ਗਈਆਂ ਹਨ।
Get all latest content delivered to your email a few times a month.