IMG-LOGO
ਹੋਮ ਪੰਜਾਬ: ਪ੍ਰੇਮ ਵਿਆਹ ਬਣਿਆ ਕਤਲ ਦੀ ਵਜ੍ਹਾ! ਤਰਨਤਾਰਨ ਬੱਸ ਸਟੈਂਡ ਬਾਹਰ...

ਪ੍ਰੇਮ ਵਿਆਹ ਬਣਿਆ ਕਤਲ ਦੀ ਵਜ੍ਹਾ! ਤਰਨਤਾਰਨ ਬੱਸ ਸਟੈਂਡ ਬਾਹਰ ਨੌਜਵਾਨ ’ਤੇ ਚਾਕੂਆਂ ਨਾਲ ਹਮਲਾ, ਇੱਕ ਗ੍ਰਿਫ਼ਤਾਰ

Admin User - Aug 30, 2026 07:35 PM
IMG

ਪ੍ਰੇਮ ਵਿਆਹ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਤਰਨਤਾਰਨ ਵਿੱਚ ਇੱਕ ਨੌਜਵਾਨ ਦੀ ਜਾਨ ਲੈ ਲਈ। ਪਿੰਡ ਕਦਗਿਲ ਦੇ 20 ਸਾਲਾ ਜਗਜੀਤ ਸਿੰਘ ਦਾ ਐਤਵਾਰ ਦੁਪਹਿਰ ਤਰਨਤਾਰਨ ਬੱਸ ਸਟੈਂਡ ਦੇ ਬਾਹਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ ਇਸ ਵਾਰਦਾਤ ਨੂੰ ਮ੍ਰਿਤਕ ਦੇ ਦੋ ਸਾਲਿਆਂ ਨੇ ਅੰਜਾਮ ਦਿੱਤਾ।

ਜਾਣਕਾਰੀ ਅਨੁਸਾਰ ਜਗਜੀਤ ਸਿੰਘ ਨੇ ਕਰੀਬ ਇੱਕ ਮਹੀਨਾ ਪਹਿਲਾਂ ਨੌਰੰਗਾਬਾਦ ਦੀ ਰਹਿਣ ਵਾਲੀ ਜਸ਼ਨ ਕੌਰ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦਾ ਪਰਿਵਾਰ ਇਸ ਵਿਆਹ ਤੋਂ ਨਾਰਾਜ਼ ਸੀ। ਪਰਿਵਾਰ ਵੱਲੋਂ ਇਸੇ ਰੰਜਿਸ਼ ਨੂੰ ਕਤਲ ਦੀ ਮੁੱਖ ਵਜ੍ਹਾ ਦੱਸਿਆ ਜਾ ਰਿਹਾ ਹੈ।

ਮ੍ਰਿਤਕ ਦੇ ਪਿਤਾ ਤਰਸੇਮ ਸਿੰਘ ਮੁਤਾਬਕ ਐਤਵਾਰ ਦੁਪਹਿਰ ਜਗਜੀਤ ਦੀ ਸੱਸ ਕਿੰਦਰ ਕੌਰ ਨੇ ਉਸਨੂੰ ਫੋਨ ਕਰਕੇ ਘਰ ਆਉਣ ਲਈ ਕਿਹਾ ਸੀ। ਜਗਜੀਤ ਬਾਜ਼ਾਰ ਤੋਂ ਕੋਲਡ ਡਰਿੰਕ ਅਤੇ ਕੁਝ ਸਨੈਕਸ ਲੈ ਕੇ ਉੱਥੇ ਪਹੁੰਚਿਆ। ਦੋਸ਼ ਹੈ ਕਿ ਮੌਕੇ ’ਤੇ ਪਹਿਲਾਂ ਤੋਂ ਮੌਜੂਦ ਉਸਦੇ ਦੋ ਸਾਲਿਆਂ ਨੇ ਉਸਨੂੰ ਘੇਰ ਲਿਆ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।

ਚਸ਼ਮਦੀਦਾਂ ਅਨੁਸਾਰ ਹਮਲਾ ਇੰਨਾ ਭਿਆਨਕ ਸੀ ਕਿ ਜਗਜੀਤ ਦੇ ਜ਼ਮੀਨ ’ਤੇ ਡਿੱਗਣ ਤੋਂ ਬਾਅਦ ਵੀ ਹਮਲਾਵਰ ਉਸਦੇ ਸਿਰ ਅਤੇ ਗਰਦਨ ’ਤੇ ਵਾਰ ਕਰਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਉਸਦੇ ਸਰੀਰ ’ਤੇ ਚਾਕੂ ਦੇ 60 ਤੋਂ ਵੱਧ ਜ਼ਖ਼ਮ ਸਨ। ਘਟਨਾ ਤੋਂ ਬਾਅਦ ਬੱਸ ਸਟੈਂਡ ਦੇ ਆਲੇ-ਦੁਆਲੇ ਦਹਿਸ਼ਤ ਦਾ ਮਾਹੌਲ ਬਣ ਗਿਆ।

ਇਸ ਦੌਰਾਨ ਪਾਂਡੋਰੀਗੋਲਾ ਦੇ ਰਹਿਣ ਵਾਲੇ ਰਾਹਗੀਰ ਗੁਰਿੰਦਰ ਸਿੰਘ ਨੇ ਹਿੰਮਤ ਦਿਖਾਉਂਦਿਆਂ ਇੱਕ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਖੁਦ ਵੀ ਜ਼ਖਮੀ ਹੋ ਗਿਆ। ਉਸਦੀ ਮਦਦ ਨਾਲ ਇੱਕ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ।

ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਜੋਂ ਕੀਤੀ ਹੈ। ਪੁਲਿਸ ਨੇ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਮੁਲਜ਼ਮ ਹਰਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।

ਥਾਣਾ ਮੁਖੀ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਅਤੇ ਘਟਨਾ ਨਾਲ ਸਬੰਧਤ ਸਬੂਤ ਇਕੱਠੇ ਕੀਤੇ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਤਲ ਦੇ ਪਿੱਛੇ ਦੀ ਪੂਰੀ ਸਾਜ਼ਿਸ਼ ਅਤੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.