ਤਾਜਾ ਖਬਰਾਂ
ਮੋਗਾ: ਸ਼ਹਿਰ ਦੇ ਇੰਦਰ ਸਿੰਘ ਗਿੱਲ ਨਗਰ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਪੀਣ ਵਾਲੇ ਪਾਣੀ ਦੀ ਸਮੱਸਿਆ ਦੀ ਸ਼ਿਕਾਇਤ ਲੈ ਕੇ ਨਗਰ ਨਿਗਮ ਦਫ਼ਤਰ ਜਾ ਰਹੀ ਇੱਕ 65 ਸਾਲਾ ਬਜ਼ੁਰਗ ਔਰਤ 'ਤੇ ਆਵਾਰਾ ਕੁੱਤੇ ਨੇ ਪਿੱਛੋਂ ਅਚਾਨਕ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਜਰਨੈਲ ਕੌਰ (65) ਆਪਣੇ ਮੁਹੱਲਾ ਵਾਸੀਆਂ ਨਾਲ ਪੀਣ ਵਾਲੇ ਪਾਣੀ ਦੀ ਕਿੱਲਤ ਸਬੰਧੀ ਮੋਗਾ ਨਗਰ ਨਿਗਮ ਜਾਣ ਲਈ ਘਰੋਂ ਨਿਕਲੀ ਸੀ। ਘਰ ਤੋਂ ਕੁਝ ਹੀ ਦੂਰੀ 'ਤੇ ਕੁੱਤੇ ਨੇ ਪਿੱਛੋਂ ਆ ਕੇ ਉਸ 'ਤੇ ਝਪੱਟਾ ਮਾਰ ਦਿੱਤਾ। ਕੁੱਤੇ ਨੇ ਪਹਿਲਾਂ ਬਜ਼ੁਰਗ ਔਰਤ ਦੀ ਕਮਰ 'ਤੇ ਦੰਦ ਗੱਡ ਦਿੱਤੇ ਅਤੇ ਜਦੋਂ ਉਸ ਨੇ ਬਚਾਅ ਲਈ ਹੱਥ ਅੱਗੇ ਕੀਤਾ ਤਾਂ ਉਸ ਦੇ ਹੱਥ ਨੂੰ ਵੀ ਬੁਰੀ ਤਰ੍ਹਾਂ ਵੱਢ ਲਿਆ।
ਬਜ਼ੁਰਗ ਔਰਤ ਦੀਆਂ ਚੀਕਾਂ ਸੁਣ ਕੇ ਮੌਕੇ 'ਤੇ ਪਹੁੰਚੇ ਇਲਾਕਾ ਵਾਸੀਆਂ ਨੇ ਭਾਰੀ ਮਿਹਨਤ ਤੋਂ ਬਾਅਦ ਕੁੱਤੇ ਨੂੰ ਭਗਾ ਕੇ ਉਸ ਦੀ ਜਾਨ ਬਚਾਈ। ਜ਼ਖ਼ਮੀ ਹਾਲਤ 'ਚ ਜਰਨੈਲ ਕੌਰ ਨੂੰ ਤੁਰੰਤ ਮੋਗਾ ਦੇ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸ਼ਹਿਰ 'ਚ ਰੋਜ਼ਾਨਾ 3 ਤੋਂ 4 ਲੋਕ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਕੇ ਹਸਪਤਾਲ ਪਹੁੰਚ ਰਹੇ ਹਨ, ਪਰ ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਈਓ ਜਾਂ ਅਧਿਕਾਰੀ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ। ਮੁਹੱਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਤੋਂ ਨਿਜਾਤ ਦਿਵਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ।
Get all latest content delivered to your email a few times a month.