ਤਾਜਾ ਖਬਰਾਂ
ਨੇਪਾਲ ਵਿੱਚ ਆਈ ਕੁਦਰਤੀ ਆਫ਼ਤ ਦੇ ਪੀੜਤਾਂ ਦੀ ਮਦਦ ਲਈ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਉੱਚ ਪੱਧਰੀ ਵਫ਼ਦ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਗੁਰਦੁਆਰਾ ਸਿੰਘ ਸਭਾ ਦੇ ਸਕੱਤਰ ਸਰਦਾਰ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਤ੍ਰਾਸਦੀ ਪ੍ਰਭਾਵਿਤ ਖੇਤਰਾਂ ਵਿੱਚ ਮੌਜੂਦਾ ਹਾਲਾਤ ਅਤੇ ਲੋੜੀਂਦੀਆਂ ਰਾਹਤ ਵਸਤੂਆਂ ਬਾਰੇ ਵਿਸਥਾਰਤ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਨੇਪਾਲ ਸਰਕਾਰ ਦੇ ਨੁਮਾਇੰਦਿਆਂ ਨੇ ਵਫ਼ਦ ਨੂੰ ਸਪੱਸ਼ਟ ਕੀਤਾ ਕਿ ਰਾਹਤ ਕਾਰਜਾਂ ਵਿੱਚ ਸੁਚੱਜਾ ਤਾਲਮੇਲ ਬਣਾਏ ਰੱਖਣ ਲਈ ਬਾਹਰੀ ਸੰਸਥਾਵਾਂ ਨੂੰ ਸਿੱਧੇ ਤੌਰ 'ਤੇ ਆਪਣੀ ਮਰਜ਼ੀ ਨਾਲ ਸਮੱਗਰੀ ਵੰਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਵੀ ਨੇਪਾਲ ਸਰਕਾਰ ਦੀਆਂ ਹਦਾਇਤਾਂ ਅਤੇ ਸਹਿਮਤੀ ਅਨੁਸਾਰ ਹੀ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਈ ਜਾਵੇਗੀ।
ਇਸ ਅਹਿਮ ਬੈਠਕ ਵਿੱਚ ਐੱਸ.ਜੀ.ਪੀ.ਸੀ. ਵਫ਼ਦ ਵੱਲੋਂ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਮੀਤ ਸਕੱਤਰ ਸਰਦਾਰ ਅਜ਼ਾਦ ਦੀਪ ਸਿੰਘ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਨੇਪਾਲ ਤੋਂ ਅੰਗਦ ਸਿੰਘ ਅਤੇ ਲੰਗਰ ਇੰਚਾਰਜ ਸਰਦਾਰ ਪ੍ਰੀਤਮ ਸਿੰਘ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ 'ਤੇ ਇਹ ਵਿਸ਼ੇਸ਼ ਟੀਮ ਬੀਤੇ ਦਿਨ ਕਾਠਮੰਡੂ ਪਹੁੰਚੀ ਸੀ। ਇਸ ਰਾਹਤ ਮੁਹਿੰਮ ਵਿੱਚ ਨੇਪਾਲ ਸਿੱਖ ਮਿਸ਼ਨ ਦੇ ਉਪਨਿਰਦੇਸ਼ਕ ਅੰਗਦ ਸਿੰਘ, ਅਮਰਜੀਤ ਸਿੰਘ ਅਤੇ ਸਥਾਨਕ ਸਿੱਖ ਸੰਗਤ ਵੀ ਸ਼੍ਰੋਮਣੀ ਕਮੇਟੀ ਦੇ ਵਫ਼ਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਹਿਯੋਗ ਕਰ ਰਹੀ ਹੈ।
Get all latest content delivered to your email a few times a month.