ਤਾਜਾ ਖਬਰਾਂ
ਸਤੀਸ਼ ਪੂਨੀਆ ਦੇ ਅੰਮ੍ਰਿਤਸਰ ਪਹੁੰਚਣ ’ਤੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਸਮੇਤ ਕਈ ਸੀਨੀਅਰ ਆਗੂ ਅਤੇ ਪਾਰਟੀ ਅਹੁਦੇਦਾਰ ਮੌਜੂਦ ਸਨ।
ਅੰਮ੍ਰਿਤਸਰ ਦੌਰੇ ਦੀ ਸ਼ੁਰੂਆਤ ਸਤੀਸ਼ ਪੂਨੀਆ ਨੇ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕ ਕੇ ਕੀਤੀ। ਉਨ੍ਹਾਂ ਨੇ ਭਗਵਾਨ ਲਕਸ਼ਮੀ ਨਾਰਾਇਣ ਦੇ ਦਰਬਾਰ ਵਿੱਚ ਆਸ਼ੀਰਵਾਦ ਲਿਆ। ਮੰਦਰ ਕਮੇਟੀ ਵੱਲੋਂ ਉਨ੍ਹਾਂ ਨੂੰ ਮੰਦਰ ਦਾ ਮਾਡਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੰਜਾਬ ਦੀ ਸ਼ਾਂਤੀ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਲਈ ਅਰਦਾਸ ਵੀ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਸਤੀਸ਼ ਪੂਨੀਆ ਨੇ ਕਿਹਾ ਕਿ 2027 ਵਿੱਚ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਇਕੱਲੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਅਕਾਲੀ ਦਲ ਨਾਲ ਸੰਭਾਵਿਤ ਗਠਜੋੜ ਸਬੰਧੀ ਸਵਾਲ ’ਤੇ ਉਨ੍ਹਾਂ ਕਿਹਾ ਕਿ ਫਿਲਹਾਲ ਦੋਵਾਂ ਪਾਰਟੀਆਂ ਵਿਚਕਾਰ ਕੋਈ ਗਠਜੋੜ ਨਹੀਂ ਹੈ ਅਤੇ ਗਠਜੋੜ ਦੀਆਂ ਚਰਚਾਵਾਂ ਸਿਰਫ਼ ਕਿਆਸ ਹਨ।
ਸਤੀਸ਼ ਪੂਨੀਆ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਸੰਗਠਨ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਗਠਨਾਤਮਕ ਯਾਤਰਾ ਦੀ ਸ਼ੁਰੂਆਤ ਚੰਡੀਗੜ੍ਹ ਤੋਂ ਹੋਈ, ਇਸ ਤੋਂ ਬਾਅਦ ਜਲੰਧਰ ਵਿੱਚ ਵਰਕਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਹੁਣ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਦੀ ਗਤੀਵਿਧੀ ਸਿਰਫ਼ ਪ੍ਰੈੱਸ ਕਾਨਫਰੰਸਾਂ ਜਾਂ ਭਾਸ਼ਣਾਂ ਤੱਕ ਸੀਮਤ ਨਹੀਂ ਰਹੇਗੀ। ਭਾਜਪਾ ਦਾ ਮੁੱਖ ਟੀਚਾ ਜ਼ਮੀਨੀ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨਾ ਅਤੇ ਬੂਥ ਪੱਧਰ ਤੱਕ ਵਰਕਰਾਂ ਨਾਲ ਸਿੱਧਾ ਸੰਪਰਕ ਬਣਾਉਣਾ ਹੈ।
ਪੂਨੀਆ ਨੇ ਪੰਜਾਬ ਨੂੰ ਸ਼ਕਤੀ ਅਤੇ ਭਗਤੀ ਦੀ ਧਰਤੀ ਦੱਸਦਿਆਂ ਕਿਹਾ ਕਿ ਗੁਰੂ ਸਾਹਿਬਾਨ ਅਤੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਪੰਜਾਬ ਦੀ ਧਰਤੀ ਦੀ ਵਿਲੱਖਣ ਪਛਾਣ ਬਣੀ ਹੈ। ਉਨ੍ਹਾਂ ਕਿਹਾ ਕਿ ਸੇਵਾ, ਸਮਰਪਣ, ਮਨੁੱਖਤਾ ਅਤੇ ਭਾਈਚਾਰਾ ਪੰਜਾਬ ਦੀ ਪਰੰਪਰਾ ਦਾ ਹਿੱਸਾ ਹਨ ਅਤੇ ਭਾਜਪਾ ਇਨ੍ਹਾਂ ਮੁੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਨੂੰ ਅੱਗੇ ਲਿਜਾਣ ਲਈ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਲਈ ਰਾਜਨੀਤੀ ਤੋਂ ਪਹਿਲਾਂ ਦੇਸ਼ ਹੈ ਅਤੇ ਪੰਜਾਬ ਦੀ ਸ਼ਾਂਤੀ, ਖੁਸ਼ਹਾਲੀ ਤੇ ਆਪਸੀ ਭਾਈਚਾਰਾ ਉਸ ਦੀਆਂ ਪ੍ਰਮੁੱਖ ਤਰਜੀਹਾਂ ਹਨ।
ਭਾਜਪਾ ਪੰਜਾਬ ਪ੍ਰਭਾਰੀ ਨੇ ਕਿਹਾ ਕਿ ਪਾਰਟੀ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਸਮਾਜਿਕ ਸਦਭਾਵਨਾ ਨਾਲ ਪੰਜਾਬ ਦੇ ਵਿਕਾਸ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਵਰਕਰਾਂ ਨੂੰ ਪਰਿਵਾਰ ਦਾ ਹਿੱਸਾ ਮੰਨਦੀ ਹੈ ਅਤੇ ਇਨ੍ਹਾਂ ਵਰਕਰਾਂ ਦੀ ਮਿਹਨਤ ਦੇ ਆਧਾਰ ’ਤੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਸਤੀਸ਼ ਪੂਨੀਆ ਨੇ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਸਿਆਸੀ ਘਟਨਾਕ੍ਰਮ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਤਜਰਬੇ ਤੋਂ ਸਬਕ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਦੇ ਕੰਮਕਾਜ ਦਾ ਮੁਲਾਂਕਣ ਕਰਕੇ ਆਪਣੇ ਭਵਿੱਖ ਲਈ ਸੋਚ-ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਦੁਰਗਿਆਣਾ ਮੰਦਰ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਅਤੇ ਵਾਲਮੀਕਿ ਮੰਦਰ ਵਿਖੇ ਵੀ ਦਰਸ਼ਨ ਕਰਨ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਾਰਮਿਕ ਅਤੇ ਸਮਾਜਿਕ ਵਿਭਿੰਨਤਾ ਹੀ ਇਸ ਦੀ ਵੱਡੀ ਤਾਕਤ ਹੈ।
ਸਤੀਸ਼ ਪੂਨੀਆ ਦੇ ਇਸ ਦੌਰੇ ਨੂੰ ਭਾਜਪਾ ਦੀਆਂ 2027 ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਤੇਜ਼ ਕਰਨ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ।
Get all latest content delivered to your email a few times a month.