IMG-LOGO
ਹੋਮ ਪੰਜਾਬ: ਲੁਧਿਆਣਾ: ਮਾਰਕਫੈੱਡ ਦੇ ਜੀ.ਐੱਮ. 'ਤੇ ਜਗਰਾਓਂ ਨੇੜੇ ਜਾਨਲੇਵਾ ਹਮਲਾ, 2...

ਲੁਧਿਆਣਾ: ਮਾਰਕਫੈੱਡ ਦੇ ਜੀ.ਐੱਮ. 'ਤੇ ਜਗਰਾਓਂ ਨੇੜੇ ਜਾਨਲੇਵਾ ਹਮਲਾ, 2 ਲੱਖ ਦੀ ਆਨਲਾਈਨ ਲੁੱਟ ਤੋਂ ਬਾਅਦ ਡੀ.ਐੱਮ.ਸੀ. ਦਾਖ਼ਲ

Admin User - Sep 03, 2026 02:39 PM
IMG

ਪੰਜਾਬ ਵਿੱਚ ਬੇਖੌਫ਼ ਹੋਏ ਅਪਰਾਧੀਆਂ ਨੇ ਹੁਣ ਸਰਕਾਰੀ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ-ਜਗਰਾਓਂ ਮਾਰਗ 'ਤੇ ਫਿਰੋਜ਼ਪੁਰ ਮਾਰਕਫੈੱਡ ਦੇ ਜਨਰਲ ਮੈਨੇਜਰ (GM) ਸੁਰਜੀਤ ਸਿੰਘ ਨਾਲ ਕੁੱਟਮਾਰ ਅਤੇ ਲੁੱਟਖੋਹ ਦੀ ਇੱਕ ਹੋਸ਼ ਉਡਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਲੁਟੇਰਿਆਂ ਨੇ ਨਾ ਕੇਵਲ ਅਧਿਕਾਰੀ ਦੀ ਗੱਡੀ ਨੂੰ ਟੱਕਰ ਮਾਰ ਕੇ ਰੋਕਿਆ, ਬਲਕਿ ਗੰਭੀਰ ਜ਼ਖ਼ਮੀ ਕਰਕੇ ਉਨ੍ਹਾਂ ਤੋਂ ਨਕਦੀ ਅਤੇ ਆਨਲਾਈਨ ਮਾਧਿਅਮ ਰਾਹੀਂ ਲੱਖਾਂ ਰੁਪਏ ਲੁੱਟ ਲਏ।


ਜਾਣਕਾਰੀ ਅਨੁਸਾਰ ਜੀ.ਐੱਮ. ਸੁਰਜੀਤ ਸਿੰਘ ਆਪਣੀ ਡਿਊਟੀ ਖ਼ਤਮ ਕਰਕੇ ਘਰ ਵੱਲ ਪਰਤ ਰਹੇ ਸਨ। ਜਦੋਂ ਉਹ ਜਗਰਾਓਂ ਦੇ ਨੇੜੇ ਪਹੁੰਚੇ ਤਾਂ ਕੁਝ ਅਣਪਛਾਤੇ ਬਦਮਾਸ਼ਾਂ ਨੇ ਆਪਣੀ ਗੱਡੀ ਨਾਲ ਉਨ੍ਹਾਂ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਲੁਟੇਰੇ ਜ਼ਬਰਦਸਤੀ ਉਨ੍ਹਾਂ ਦੀ ਕਾਰ ਵਿੱਚ ਦਾਖ਼ਲ ਹੋ ਗਏ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ।


ਜਦੋਂ ਸੁਰਜੀਤ ਸਿੰਘ ਨੇ ਜ਼ਿਆਦਾ ਨਕਦੀ ਨਾ ਹੋਣ ਦੀ ਗੱਲ ਕਹੀ, ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬਦਮਾਸ਼ਾਂ ਨੇ ਉਨ੍ਹਾਂ ਕੋਲ ਮੌਜੂਦ ਨਕਦੀ ਖੋਹਣ ਤੋਂ ਬਾਅਦ ਜ਼ਬਰਦਸਤੀ ਮੋਬਾਈਲ ਫੋਨ ਤੋਂ 'ਪੇਟੀਐੱਮ' (Paytm) ਜ਼ਰੀਏ ਲਗਭਗ 2 ਲੱਖ ਰੁਪਏ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਪਰਾਧੀ ਉਨ੍ਹਾਂ ਦਾ ਮੋਬਾਈਲ ਅਤੇ ਪਰਸ ਵੀ ਨਾਲ ਲੈ ਕੇ ਫ਼ਰਾਰ ਹੋ ਗਏ।


ਹਮਲੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਜੀ.ਐੱਮ. ਸੁਰਜੀਤ ਸਿੰਘ ਨੂੰ ਤੁਰੰਤ ਲੁਧਿਆਣਾ ਦੇ ਡੀ.ਐੱਮ.ਸੀ. (DMC) ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਕੁੱਟਮਾਰ ਕਾਰਨ ਉਨ੍ਹਾਂ ਦੇ ਸਰੀਰ 'ਚ 3 ਤੋਂ 4 ਫਰੈਕਚਰ ਆਏ ਹਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਪੀੜਤ ਦੀ ਪਤਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਗੁਹਾਰ ਲਗਾਉਂਦਿਆਂ ਕਿਹਾ, "ਜੇਕਰ ਸਰਕਾਰੀ ਡਿਊਟੀ ਕਰਨ ਵਾਲੇ ਅਧਿਕਾਰੀ ਹੀ ਸੜਕਾਂ 'ਤੇ ਸੁਰੱਖਿਅਤ ਨਹੀਂ ਹਨ, ਤਾਂ ਆਮ ਜਨਤਾ ਅਪਣੀ ਡਿਊਟੀ ਕਿਵੇਂ ਕਰੇਗੀ?" ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਦੂਜੇ ਪਾਸੇ, ਮਾਰਕਫੈੱਡ ਦਫ਼ਤਰ ਦੇ ਮੁਲਾਜ਼ਮਾਂ ਨੇ ਵੀ ਇਸ ਵਾਰਦਾਤ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਘਟਨਾਵਾਂ 'ਤੇ ਤੁਰੰਤ ਰੋਕ ਨਾ ਲਗਾਈ ਗਈ ਤਾਂ ਸਰਕਾਰੀ ਕਰਮਚਾਰੀਆਂ ਲਈ ਕੰਮ ਕਰਨਾ ਅਸੰਭਵ ਹੋ ਜਾਵੇਗਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.