ਤਾਜਾ ਖਬਰਾਂ
ਜਗਰਾਓਂ / ਲੁਧਿਆਣਾ: ਸ਼ੇਅਰ ਮਾਰਕੀਟ ਅਤੇ ਆਈ.ਪੀ.ਓ. (IPO) 'ਚ ਰਾਤੋ-ਰਾਤ ਮੋਟਾ ਮੁਨਾਫ਼ਾ ਕਮਾਉਣ ਦਾ ਲਾਲਚ ਦੇ ਕੇ ਜਗਰਾਓਂ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ਾਤਰ ਸਾਈਬਰ ਅਪਰਾਧੀਆਂ ਨੇ ਨਾਮਵਰ ਵਿੱਤੀ ਕੰਪਨੀ 'ਈਟੀ ਮਨੀ' ਦੇ ਨਾਂ ਦੀ ਫ਼ਰਜ਼ੀ ਵਰਤੋਂ ਕਰਕੇ ਮੰਡੀ ਮੁੱਲਾਂਪੁਰ ਦੇ ਵਸਨੀਕ ਬਲਵਿੰਦਰ ਸਿੰਘ ਨਾਲ 73 ਲੱਖ 25 ਹਜ਼ਾਰ ਰੁਪਏ ਦੀ ਵੱਡੀ ਆਨਲਾਈਨ ਠੱਗੀ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਤੋਂ ਬਾਅਦ ਚਾਰ ਵੱਖ-ਵੱਖ ਸੂਬਿਆਂ ਦੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਪੀੜਤ ਨੇ ਫੇਸਬੁੱਕ 'ਤੇ 'ਈਟੀ ਮਨੀ' ਦੇ ਨਾਂ ਹੇਠ ਚੱਲ ਰਿਹਾ ਨਿਵੇਸ਼ ਦਾ ਲੁਭਾਵਣਾ ਇਸ਼ਤਿਹਾਰ ਦੇਖਿਆ ਸੀ। ਲਿੰਕ 'ਤੇ ਕਲਿੱਕ ਕਰਦਿਆਂ ਹੀ ਠੱਗਾਂ ਨੇ ਉਸ ਨਾਲ ਰਾਬਤਾ ਕਾਇਮ ਕੀਤਾ ਅਤੇ ਉਸ ਦੇ ਮੋਬਾਈਲ 'ਤੇ ਇੱਕ ਫ਼ਰਜ਼ੀ ਆਈ.ਡੀ. ਤਿਆਰ ਕਰਵਾ ਦਿੱਤੀ। ਮੁਲਜ਼ਮਾਂ ਵੱਲੋਂ ਥੋੜ੍ਹੇ ਸਮੇਂ 'ਚ ਕਈ ਗੁਣਾ ਰਿਟਰਨ ਦਾ ਝਾਂਸਾ ਦਿੱਤੇ ਜਾਣ 'ਤੇ ਬਲਵਿੰਦਰ ਸਿੰਘ ਨੇ ਵੱਖ-ਵੱਖ ਬੈਂਕ ਖਾਤਿਆਂ 'ਚ ਕੁੱਲ ₹73.25 ਲੱਖ ਟਰਾਂਸਫਰ ਕਰ ਦਿੱਤੇ। ਮੁਲਜ਼ਮ ਫ਼ਰਜ਼ੀ ਐਪਲੀਕੇਸ਼ਨ 'ਤੇ ਉਸ ਦਾ ਲੱਖਾਂ ਰੁਪਏ ਦਾ ਫ਼ਰਜ਼ੀ ਮੁਨਾਫ਼ਾ ਦਿਖਾਉਂਦੇ ਰਹੇ, ਪਰ ਜਦੋਂ ਪੀੜਤ ਨੇ ਪੈਸੇ ਕਢਵਾਉਣ ਦੀ ਮੰਗ ਕੀਤੀ ਤਾਂ ਟਾਲਮਟੋਲ ਸ਼ੁਰੂ ਕਰ ਦਿੱਤੀ ਗਈ।
ਸਾਈਬਰ ਕ੍ਰਾਈਮ ਥਾਣਾ ਇੰਚਾਰਜ ਕਿਰਨਦੀਪ ਕੌਰ ਅਤੇ ਏ.ਐੱਸ.ਆਈ. ਜਗਰੂਪ ਸਿੰਘ ਨੇ ਦੱਸਿਆ ਕਿ ਡਿਜੀਟਲ ਲੈਣ-ਦੇਣ ਅਤੇ ਮੋਬਾਈਲ ਨੰਬਰਾਂ ਦੀ ਬਾਰੀਕੀ ਨਾਲ ਪੜਤਾਲ ਕਰਨ ਤੋਂ ਬਾਅਦ 4 ਰਾਜਾਂ ਦੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਅਤੇ IT ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਬੈਂਕਾਂ ਤੋਂ ਪ੍ਰਾਪਤ ਡਾਟੇ ਦੇ ਆਧਾਰ 'ਤੇ ਇਹ ਪਤਾ ਲਗਾ ਰਹੀ ਹੈ ਕਿ ਇਹ ਭਾਰੀ ਰਕਮ ਅੱਗੇ ਕਿਹੜੇ ਖਾਤਿਆਂ ਅਤੇ ਏ.ਟੀ.ਐੱਮ. ਰਾਹੀਂ ਕਢਵਾਈ ਗਈ ਹੈ, ਤਾਂ ਜੋ ਇਸ ਅੰਤਰਰਾਜੀ ਸਾਈਬਰ ਸਿੰਡੀਕੇਟ ਦੇ ਹੋਰ ਮੈਂਬਰਾਂ ਨੂੰ ਜਲਦ ਕਾਬੂ ਕੀਤਾ ਜਾ ਸਕੇ।
Get all latest content delivered to your email a few times a month.