ਤਾਜਾ ਖਬਰਾਂ
ਲੁਧਿਆਣਾ ਸ਼ਹਿਰ ਤੋਂ ਇੱਕ ਬੇਹੱਦ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਵਿਮਿੰਗ ਪੂਲ ਦੇ ਕੰਢੇ ਆਪਣੇ ਦੋਸਤ ਨਾਲ ਬੈਠੇ 15 ਸਾਲਾ ਨਾਬਾਲਗ ਲੜਕੇ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਖ਼ੌਫ਼ਨਾਕ ਘਟਨਾ 29 ਅਗਸਤ ਦੀ ਦੱਸੀ ਜਾ ਰਹੀ ਹੈ, ਜਿਸ ਦੀ ਸਾਰੀ ਵੀਡੀਓ ਉੱਥੇ ਲੱਗੇ ਸੀਸੀਟੀਵੀ (CCTV) ਕੈਮਰੇ 'ਚ ਕੈਦ ਹੋ ਗਈ ਹੈ ਅਤੇ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮ੍ਰਿਤਕ ਦੀ ਪਛਾਣ ਬਿੰਦਰਾ ਕਾਲੋਨੀ ਦੇ ਵਸਨੀਕ ਵੰਸ਼ ਵਜੋਂ ਹੋਈ ਹੈ।
ਸੀਸੀਟੀਵੀ ਫੁਟੇਜ ਮੁਤਾਬਕ ਵੰਸ਼ ਨਹਾਉਣ ਤੋਂ ਬਾਅਦ ਪੂਲ ਕੰਢੇ ਬੈਠਾ ਸੀ ਕਿ ਅਚਾਨਕ ਉਸ ਦੀ ਤਬੀਅਤ ਵਿਗੜਨ ਲੱਗੀ। ਉਹ ਬੇਚੈਨ ਹੋ ਕੇ ਉੱਠਿਆ ਪਰ ਕਦਮ ਲੜਖੜਾਉਣ ਕਾਰਨ ਵਾਪਸ ਆਪਣੇ ਦੋਸਤ ਕੋਲ ਆ ਕੇ ਬੈਠ ਗਿਆ। ਇਸੇ ਦੌਰਾਨ ਜਦੋਂ ਉਸ ਦਾ ਦੋਸਤ ਫ਼ੋਨ 'ਤੇ ਸੈਲਫ਼ੀ ਲੈਣ ਲੱਗਾ ਤਾਂ ਉਸ ਨੇ ਦੇਖਿਆ ਕਿ ਵੰਸ਼ ਦੀਆਂ ਅੱਖਾਂ ਬੰਦ ਹੋ ਰਹੀਆਂ ਸਨ ਅਤੇ ਉਹ ਹੇਠਾਂ ਡਿੱਗ ਰਿਹਾ ਸੀ। ਸਾਥੀ ਬੱਚਿਆਂ ਨੇ ਉਸ ਦੇ ਪੈਰ ਮਲੇ ਅਤੇ ਸੀਪੀਆਰ (CPR) ਦੇ ਕੇ ਸਾਹ ਬਹਾਲ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਦੋਂ ਤੱਕ ਉਸ ਦੀ ਛਾਤੀ ਵਿੱਚ ਤੇਜ਼ ਦਰਦ ਹੋਣ ਕਾਰਨ ਦਮ ਨਿਕਲ ਚੁੱਕਾ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਵੰਸ਼ ਦਿਲ ਦੀ ਪੁਰਾਣੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਦਿੱਲੀ ਦੇ ਏਮਜ਼ (AIIMS) ਹਸਪਤਾਲ ਤੋਂ ਇਲਾਜ ਚੱਲ ਰਿਹਾ ਸੀ। ਇਲਾਜ ਤੋਂ ਬਾਅਦ ਉਸ ਦੀ ਹਾਲਤ 'ਚ ਸੁਧਾਰ ਸੀ, ਜਿਸ ਕਾਰਨ ਉਹ ਆਮ ਬੱਚਿਆਂ ਵਾਂਗ ਘੁੰਮਦਾ-ਫਿਰਦਾ ਸੀ। ਵੰਸ਼ ਦੇ ਪਿਤਾ ਕੱਪੜੇ ਦਾ ਕਾਰੋਬਾਰ ਕਰਦੇ ਹਨ ਅਤੇ ਪਰਿਵਾਰ 'ਚ ਉਸ ਦੀ ਇੱਕ ਛੋਟੀ ਭੈਣ ਵੀ ਹੈ। ਅੰਤਿਮ ਸਸਕਾਰ ਤੋਂ ਬਾਅਦ ਸ਼ਨੀਵਾਰ ਨੂੰ ਉਸ ਦੇ ਮਾਤਾ-ਪਿਤਾ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਰਿਦੁਆਰ ਗਏ ਹੋਏ ਹਨ। ਨੌਜਵਾਨ ਪੁੱਤ ਦੀ ਇਸ ਤਰ੍ਹਾਂ ਅਚਾਨਕ ਮੌਤ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।
Get all latest content delivered to your email a few times a month.