ਤਾਜਾ ਖਬਰਾਂ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਸਿਲਸਿਲੇ ਵਿੱਚ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਗਰਾਊਂਡ ਵਿਖੇ 6 ਸਤੰਬਰ ਦੀ ਸ਼ਾਮ 6 ਵਜੇ ਇੱਕ ਅਲੌਕਿਕ ਡਰੋਨ ਲਾਈਟ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਇਤਿਹਾਸਕ ਸਮਾਗਮ ਦੇ ਸਫ਼ਲ ਸੁਚਾਲਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਉਪ ਮੰਡਲ ਮੈਜਿਸਟਰੇਟ (SDM) ਸ਼ੁਭੀ ਆਂਗਰਾ ਨੇ ਵੱਖ-ਵੱਖ ਵਿਭਾਗਾਂ ਨਾਲ ਸਮੀਖਿਆ ਬੈਠਕ ਕਰਕੇ ਸੁਰੱਖਿਆ, ਪਾਰਕਿੰਗ, ਟ੍ਰੈਫਿਕ ਅਤੇ ਸੰਗਤ ਦੇ ਬੈਠਣ ਸਮੇਤ ਸਾਰੇ ਇੰਤਜ਼ਾਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ।
ਐੱਸ.ਡੀ.ਐੱਮ. ਅਨੁਸਾਰ ਆਧੁਨਿਕ ਤਕਨਾਲੋਜੀ ਵਾਲੇ ਇਸ ਡਰੋਨ ਸ਼ੋਅ ਰਾਹੀਂ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਅਤੇ ਉਪਦੇਸ਼ਾਂ ਨੂੰ ਆਸਮਾਨ ਵਿੱਚ ਰੂਪਮਾਨ ਕੀਤਾ ਜਾਵੇਗਾ। ਸ਼ੋਅ ਦੇ ਨਾਲ-ੋਂ-ਨਾਲ ਪੰਥ ਪ੍ਰਸਿੱਧ ਰਾਗੀ ਜਥੇ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਅਤੇ ਕਈ ਉੱਘੀਆਂ ਸ਼ਖ਼ਸੀਅਤਾਂ ਦੇ ਪਹੁੰਚਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੂਰੇ ਸੂਬੇ ਵਿੱਚ 6.50 ਲੱਖ ਪੌਦੇ ਲਗਾਉਣ ਦੀ ਵਾਤਾਵਰਣ ਪੱਖੀ ਮੁਹਿੰਮ ਚਲਾਈ ਗਈ ਹੈ। ਇਸ ਤੋਂ ਇਲਾਵਾ, ਗੁਰੂ ਸਾਹਿਬ ਦੀਆਂ ਅਨਮੋਲ ਸਿੱਖਿਆਵਾਂ 'ਤੇ ਖੋਜ ਕਾਰਜਾਂ ਲਈ ਡੇਰਾ ਸੱਚਖੰਡ ਬੱਲਾਂ ਨੇੜੇ 11 ਏਕੜ ਜ਼ਮੀਨ ਵਿੱਚ ‘ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ।
Get all latest content delivered to your email a few times a month.