ਤਾਜਾ ਖਬਰਾਂ
ਪਰਿਵਾਰਾਂ ਮੁਤਾਬਕ ਹਰੇਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਦੇ ਨਾਂ ’ਤੇ ਏਜੰਟਾਂ ਨੇ 5 ਤੋਂ 11 ਲੱਖ ਰੁਪਏ ਤੱਕ ਲਏ। ਕਈ ਪਰਿਵਾਰਾਂ ਨੇ ਇਹ ਪੈਸਾ ਘਰ ਅਤੇ ਜ਼ਮੀਨ ਗਿਰਵੀ ਰੱਖ ਕੇ ਜਾਂ ਕਰਜ਼ਾ ਚੁੱਕ ਕੇ ਦਿੱਤਾ। ਉਨ੍ਹਾਂ ਨੂੰ ਉਮੀਦ ਸੀ ਕਿ ਨੌਜਵਾਨ ਆਸਟ੍ਰੇਲੀਆ ਪਹੁੰਚ ਕੇ ਨੌਕਰੀ ਕਰਨਗੇ ਅਤੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨਗੇ।
ਪੀੜਤਾਂ ਅਨੁਸਾਰ ਨੌਜਵਾਨਾਂ ਨੂੰ ਪਹਿਲਾਂ ਭਾਰਤ ਤੋਂ ਇੰਡੋਨੇਸ਼ੀਆ ਦੇ ਬਾਲੀ ਅਤੇ ਫਿਰ ਮਲੇਸ਼ੀਆ ਰਾਹੀਂ ਤਿਮੋਰ-ਲੇਸਤੇ ਲਿਜਾਇਆ ਗਿਆ। ਉੱਥੇ ਪਹੁੰਚਣ ਤੋਂ ਬਾਅਦ ਕਥਿਤ ਤੌਰ ’ਤੇ ਉਨ੍ਹਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲਏ ਗਏ। ਪਰਿਵਾਰਾਂ ਨੇ ਦੋਸ਼ ਲਾਇਆ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋੜੀਂਦਾ ਭੋਜਨ ਤੇ ਮਿਹਨਤ ਦੀ ਪੂਰੀ ਰਕਮ ਵੀ ਨਹੀਂ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਾਸਪੋਰਟ ਵਾਪਸ ਮਿਲੇ। ਇਸ ਦੌਰਾਨ ਸਥਾਨਕ ਪੁਲਿਸ ਵੱਲੋਂ ਵਿਜੈ ਨਾਮਕ ਵਿਅਕਤੀ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਵੀ ਪਰਿਵਾਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ।
ਹੁਣ ਤੱਕ 10 ਨੌਜਵਾਨ ਆਪਣੇ ਪੱਧਰ ’ਤੇ ਖਰਚਾ ਕਰਕੇ ਭਾਰਤ ਵਾਪਸ ਆ ਚੁੱਕੇ ਹਨ, ਜਦਕਿ ਬਾਕੀ ਨੌਜਵਾਨਾਂ ਦੇ ਅਜੇ ਵੀ ਤਿਮੋਰ-ਲੇਸਤੇ ਵਿੱਚ ਫਸੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਫਸੇ ਨੌਜਵਾਨਾਂ ਵਿੱਚ ਮੋਗਾ ਦੇ 8, ਜਲੰਧਰ ਦੇ 7, ਫਿਰੋਜ਼ਪੁਰ ਦੇ 6, ਲੁਧਿਆਣਾ ਦੇ 5 ਅਤੇ ਫਾਜ਼ਿਲਕਾ ਦੇ 2 ਨੌਜਵਾਨ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਤਰਨਤਾਰਨ, ਕਪੂਰਥਲਾ, ਪਟਿਆਲਾ ਅਤੇ ਜਲਾਲਾਬਾਦ ਨਾਲ ਸਬੰਧਤ ਇੱਕ-ਇੱਕ ਨੌਜਵਾਨ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਇੱਕ ਨੌਜਵਾਨ ਰਾਜਸਥਾਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਮਾਮਲਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਪਰਿਵਾਰਾਂ ਨੇ ਵੀਡੀਓ ਕਾਲ ਰਾਹੀਂ ਉਨ੍ਹਾਂ ਕੋਲ ਆਪਣੀ ਪਰੇਸ਼ਾਨੀ ਰੱਖਦਿਆਂ ਨੌਜਵਾਨਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰਨ ਦੀ ਗੱਲ ਸਾਹਮਣੇ ਆਈ ਹੈ।
ਇਸ ਘਟਨਾ ਨੇ ਇੱਕ ਵਾਰ ਮੁੜ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਵਧ ਰਹੀ ਲਾਲਸਾ ਅਤੇ ਇਸ ਰਾਹ ਵਿੱਚ ਸਰਗਰਮ ਕਥਿਤ ਧੋਖੇਬਾਜ਼ ਏਜੰਟਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਿਵਾਰਾਂ ਲਈ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਆਪਣੇ ਬੱਚਿਆਂ ਦੀ ਸੁਰੱਖਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਦੀ ਦਖ਼ਲਅੰਦਾਜ਼ੀ ਨਾਲ ਤਿਮੋਰ-ਲੇਸਤੇ ਵਿੱਚ ਫਸੇ ਨੌਜਵਾਨ ਜਲਦ ਸੁਰੱਖਿਅਤ ਘਰ ਪਰਤ ਸਕਣਗੇ।
Get all latest content delivered to your email a few times a month.