IMG-LOGO
ਹੋਮ ਪੰਜਾਬ, ਰਾਸ਼ਟਰੀ, ਅੰਮ੍ਰਿਤਸਰ ਏਅਰਪੋਰਟ ਨੇੜੇ ਸ਼ੱਕੀ ਡ੍ਰੋਨ ਗਤੀਵਿਧੀ, ਸੁਰੱਖਿਆ ਏਜੰਸੀਆਂ ਅਲਰਟ; ਪੁਲਿਸ...

ਅੰਮ੍ਰਿਤਸਰ ਏਅਰਪੋਰਟ ਨੇੜੇ ਸ਼ੱਕੀ ਡ੍ਰੋਨ ਗਤੀਵਿਧੀ, ਸੁਰੱਖਿਆ ਏਜੰਸੀਆਂ ਅਲਰਟ; ਪੁਲਿਸ ਨੇ ਦਰਜ ਕੀਤੀ FIR

Admin User - Sep 07, 2026 05:46 PM
IMG

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਦੇਰ ਰਾਤ ਸ਼ੱਕੀ ਡ੍ਰੋਨ ਜਾਂ ਯੂਏਵੀ ਵਰਗੀ ਗਤੀਵਿਧੀ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਏਅਰਪੋਰਟ ਦੇ ਓਪਰੇਸ਼ਨਲ ਖੇਤਰ ਵਿੱਚ ਰਡਾਰ ਅਤੇ ਹੋਰ ਸਾਧਨਾਂ ਰਾਹੀਂ ਇਹ ਗਤੀਵਿਧੀ ਨੋਟਿਸ ਵਿੱਚ ਆਈ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ।

ਸਾਵਧਾਨੀ ਵਜੋਂ ਅੰਮ੍ਰਿਤਸਰ ਆਉਣ ਵਾਲੀਆਂ ਕੁਝ ਉਡਾਣਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵੱਲ ਮੋੜਿਆ ਗਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਏਅਰਪੋਰਟ ਅਥਾਰਟੀ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਜਿਸ ਦੇ ਆਧਾਰ ’ਤੇ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਅੰਮ੍ਰਿਤਸਰ ਦਿਹਾਤੀ ਦੇ ਐਸਪੀ ਗਗਨਦੀਪ ਸਿੰਘ ਘੁੰਮਣ ਮੁਤਾਬਕ ਏਅਰਪੋਰਟ ਅਥਾਰਟੀ ਨੇ ਰਾਤ ਸਮੇਂ ਡ੍ਰੋਨ ਜਾਂ ਯੂਏਵੀ ਵਰਗੀ ਗਤੀਵਿਧੀ ਦੇਖੇ ਜਾਣ ਦੀ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਹਨ।

ਮੁੱਢਲੀ ਜਾਂਚ ਵਿੱਚ ਏਅਰਪੋਰਟ ਦੇ ਨੇੜਲੇ ਇੱਕ ਪਿੰਡ ਵਿੱਚ ਚੱਲ ਰਹੇ ਕਬੱਡੀ ਟੂਰਨਾਮੈਂਟ ਦਾ ਐਂਗਲ ਵੀ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਇਸ ਸੰਭਾਵਨਾ ਦੀ ਜਾਂਚ ਕਰ ਰਹੀ ਹੈ ਕਿ ਟੂਰਨਾਮੈਂਟ ਦੌਰਾਨ ਕੋਈ ਡ੍ਰੋਨ ਉਡਾਇਆ ਗਿਆ ਹੋਵੇ, ਪਰ ਸ਼ੱਕੀ ਗਤੀਵਿਧੀ ਰਾਤ ਕਰੀਬ 9 ਤੋਂ 10 ਵਜੇ ਦੇ ਵਿਚਕਾਰ ਸਾਹਮਣੇ ਆਉਣ ਕਾਰਨ ਇਸ ਪੱਖ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਵਿਆਹ-ਸ਼ਾਦੀਆਂ, ਸਮਾਜਿਕ ਸਮਾਗਮਾਂ ਜਾਂ ਹੋਰ ਕਿਸੇ ਗਤੀਵਿਧੀ ਦੌਰਾਨ ਡ੍ਰੋਨ ਉਡਾਏ ਜਾਣ ਦੀ ਸੰਭਾਵਨਾ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਹੈ ਕਿ ਡ੍ਰੋਨ ਵਰਗੀ ਗਤੀਵਿਧੀ ਅਸਲ ਵਿੱਚ ਕੀ ਸੀ, ਇਸ ਨੂੰ ਕਿਸ ਨੇ ਚਲਾਇਆ ਅਤੇ ਕੀ ਇਸ ਨਾਲ ਕਿਸੇ ਤਰ੍ਹਾਂ ਦੀ ਸੁਰੱਖਿਆ ਚਿੰਤਾ ਜੁੜੀ ਹੋਈ ਸੀ।

ਅੰਮ੍ਰਿਤਸਰ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ CISF, ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਵੀ ਨਿਗਰਾਨੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਏਅਰਪੋਰਟ ਅਥਾਰਟੀ ਅਤੇ ਪੁਲਿਸ ਦੀ ਮੀਟਿੰਗ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਡ੍ਰੋਨ ਉਡਾਉਣ ਸਬੰਧੀ ਜਾਗਰੂਕ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਅਧਿਕਾਰੀਆਂ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਏਅਰਪੋਰਟ ਦੇ ਨੇੜੇ ਕਿਸੇ ਵੀ ਵਿਆਹ, ਸਮਾਗਮ ਜਾਂ ਹੋਰ ਪ੍ਰੋਗਰਾਮ ਦੌਰਾਨ ਡ੍ਰੋਨ ਉਡਾਉਣ ਤੋਂ ਪਹਿਲਾਂ ਏਅਰਪੋਰਟ ਅਥਾਰਟੀ ਅਤੇ ਸਬੰਧਤ ਵਿਭਾਗਾਂ ਤੋਂ ਲੋੜੀਂਦੀ ਲਿਖਤੀ ਮਨਜ਼ੂਰੀ ਲੈਣੀ ਯਕੀਨੀ ਬਣਾਈ ਜਾਵੇ।

ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਏਅਰਪੋਰਟ ਨੇੜੇ ਦੇਖੀ ਗਈ ਸ਼ੱਕੀ ਗਤੀਵਿਧੀ ਅਸਲ ਵਿੱਚ ਡ੍ਰੋਨ ਸੀ ਜਾਂ ਕੋਈ ਹੋਰ ਵਸਤੂ ਅਤੇ ਇਸ ਦੇ ਪਿੱਛੇ ਕਿਸ ਦੀ ਭੂਮਿਕਾ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.