ਤਾਜਾ ਖਬਰਾਂ
ਬਹੁ-ਚਰਚਿਤ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਪੂਰਥਲਾ (ਪੰਜਾਬ) ਦੇ ਰਹਿਣ ਵਾਲੇ ਪਰਮਿੰਦਰ ਸਿੰਘ ਉਰਫ਼ ਪਿੰਦਾ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ 'ਚ ਪਹਿਲੀ ਕਾਰਵਾਈ ਕੀਤੀ ਹੈ। ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਵੱਡਾ ਖ਼ੁਲਾਸਾ ਹੋਇਆ ਹੈ ਕਿ ਮਨਜੀਤ ਕੌਰ ਦਾ ਕਤਲ ਪੰਜਾਬ ਦੇ ਮੋਰਿੰਡਾ ਵਿਖੇ ਨਹੀਂ, ਸਗੋਂ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੀ ਕੀਤਾ ਗਿਆ ਸੀ।
ਜਾਂਚ 'ਚ ਸਾਹਮਣੇ ਆਇਆ ਹੈ ਕਿ ਮਾਮਲੇ ਦਾ ਮੁੱਖ ਮੁਲਜ਼ਮ ਰਿੰਕੂ ਹੈ, ਜਿਸ ਦਾ ਘਟਨਾ ਤੋਂ ਪਹਿਲਾਂ ਮਨਜੀਤ ਕੌਰ ਨਾਲ ਤਿੱਖਾ ਝਗੜਾ ਅਤੇ ਕੁੱਟਮਾਰ ਹੋਈ ਸੀ। ਗ੍ਰਿਫ਼ਤਾਰ ਪਿੰਦਾ ਨੇ ਪੁਲਿਸ ਅੱਗੇ ਮੰਨਿਆ ਹੈ ਕਿ ਉਸ ਨੇ ਵਾਰਦਾਤ ਦੌਰਾਨ ਸਿਰਫ਼ ਰਿੰਕੂ ਦਾ ਸਾਥ ਦਿੱਤਾ ਸੀ। ਇਸ ਤੋਂ ਇਲਾਵਾ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਨਜੀਤ ਕੌਰ ਲਗਭਗ ਤਿੰਨ ਮਹੀਨਿਆਂ ਦੀ ਗਰਭਵਤੀ ਸੀ ਅਤੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਲੈ ਕੇ ਵੀ ਵਿਵਾਦ ਚੱਲ ਰਿਹਾ ਸੀ। ਪੁਲਿਸ ਅਨੁਸਾਰ ਬੱਚੇ ਦੇ ਪਿਤਾ ਦੀ ਅਸਲ ਪਛਾਣ ਡੀ.ਐੱਨ.ਏ. (DNA) ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਸਪੱਸ਼ਟ ਹੋਵੇਗੀ।
ਵਾਰਦਾਤ ਵਿੱਚ ਸ਼ਾਮਲ ਦੋ ਹੋਰ ਮੁੱਖ ਸ਼ੱਕੀ—ਰਿੰਕੂ ਅਤੇ ਸ਼ੁਭੀ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਚੰਡੀਗੜ੍ਹ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਫਰਾਰ ਦੋਸ਼ੀਆਂ ਦੀ ਭਾਲ 'ਚ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Get all latest content delivered to your email a few times a month.