ਤਾਜਾ ਖਬਰਾਂ
ਰਾਜਧਾਨੀ ਦਿੱਲੀ 'ਚ 18ਵੇਂ ਬ੍ਰਿਕਸ (BRICS) ਸੰਮੇਲਨ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ ਅਤੇ ਸੁਰੱਖਿਆ ਵਿਵਸਥਾ ਨੂੰ ਪੂਰੀ ਤਰ੍ਹਾਂ ਅਭੇਦ ਬਣਾਉਂਦਿਆਂ ਪੂਰੇ ਸ਼ਹਿਰ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਲੁਟੀਅਨਜ਼ ਦਿੱਲੀ ਅਤੇ ਵੀ.ਵੀ.ਆਈ.ਪੀ. ਇਲਾਕਿਆਂ ਨੂੰ ਸੁਰੱਖਿਆ ਦੇ ਕਈ ਘੇਰਿਆਂ ਵਿੱਚ ਰੱਖਿਆ ਗਿਆ ਹੈ। ਹਵਾਈ ਅੱਡੇ ਤੋਂ ਲੈ ਕੇ ਭਾਰਤ ਮੰਡਪਮ ਅਤੇ ਵਿਦੇਸ਼ੀ ਮਹਿਮਾਨਾਂ ਦੇ ਠਹਿਰਨ ਵਾਲੇ ਹੋਟਲਾਂ ਤੱਕ ਹਰ ਕੋਨੇ 'ਤੇ ਸੁਰੱਖਿਆ ਬਲਾਂ ਦੀ ਤਿੱਖੀ ਨਜ਼ਰ ਹੈ।
ਜਾਣਕਾਰੀ ਅਨੁਸਾਰ ਦਿੱਲੀ ਵਿੱਚ ਵੀ.ਵੀ.ਆਈ.ਪੀ. ਹਸਤੀਆਂ ਦੀ ਸੁਰੱਖਿਆ ਲਈ ਲਗਭਗ 15 ਹਜ਼ਾਰ ਪੁਲਿਸ ਕਰਮਚਾਰੀ ਅਤੇ ਅਰਧ ਸੈਨਿਕ ਬਲਾਂ ਦੀਆਂ 200 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਦਿੱਲੀ ਪੁਲਿਸ ਵੱਲੋਂ ਹੋਟਲਾਂ ਅਤੇ ਪ੍ਰੋਗਰਾਮ ਵਾਲੀਆਂ ਥਾਵਾਂ 'ਤੇ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ 30 ਹਜ਼ਾਰ ਤੋਂ ਵੱਧ ਸੁਰੱਖਿਆ ਕਰਮੀ ਪਲ-ਪਲ ਦੀ ਨਿਗਰਾਨੀ ਕਰ ਰਹੇ ਹਨ।
ਵੀ.ਵੀ.ਆਈ.ਪੀ. ਇਲਾਕਿਆਂ ਵਿੱਚ 500 ਤੋਂ ਵੱਧ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਵਿੱਚ ਚਿਹਰੇ ਦੀ ਪਛਾਣ ਕਰਨ ਵਾਲੇ (ਫੇਸ ਰਿਕੋਗਨਿਸ਼ਨ) ਅਤੇ ਗੱਡੀਆਂ ਦੀਆਂ ਨੰਬਰ ਪਲੇਟਾਂ ਪੜ੍ਹਨ ਵਾਲੇ ਆਧੁਨਿਕ ਕੈਮਰੇ ਸ਼ਾਮਲ ਹਨ। ਇੱਕ ਕੇਂਦਰੀ ਕੰਟਰੋਲ ਰੂਮ ਤੋਂ ਇਨ੍ਹਾਂ ਸਾਰੇ ਕੈਮਰਿਆਂ ਰਾਹੀਂ ਸ਼ਹਿਰ 'ਤੇ ਨਜ਼ਰ ਰੱਖੀ ਜਾ ਰਹੀ ਹੈ। ਵੱਖ-ਵੱਖ ਜ਼ੋਨਾਂ ਦੀ ਜ਼ਿੰਮੇਵਾਰੀ ਡੀ.ਸੀ.ਪੀ. ਪੱਧਰ ਦੇ ਅਧਿਕਾਰੀਆਂ ਨੂੰ ਸੌਂਪੀ ਗਈ ਹੈ ਤਾਂ ਜੋ ਹਵਾਈ ਅੱਡੇ, ਹੋਟਲਾਂ ਅਤੇ ਸਮਾਗਮ ਵਾਲੀ ਥਾਂ ਦੇ ਵਿਚਕਾਰ ਮਹਿਮਾਨਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾ ਸਕੇ।
ਦਿੱਲੀ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਆਮ ਜਨਤਾ ਲਈ ਸਾਰੇ ਰਸਤੇ ਲਗਾਤਾਰ ਬੰਦ ਨਹੀਂ ਕੀਤੇ ਜਾਣਗੇ, ਬਲਕਿ ਸਿਰਫ਼ ਵੀ.ਵੀ.ਆਈ.ਪੀ. ਗੱਡੀਆਂ ਦੇ ਲੰਘਣ ਸਮੇਂ ਹੀ ਕੁਝ ਸਮੇਂ ਲਈ ਰਸਤਿਆਂ 'ਚ ਤਬਦੀਲੀ ਕੀਤੀ ਜਾਵੇਗੀ। ਆਮ ਲੋਕਾਂ ਨੂੰ ਬਦਲਵੇਂ ਮਾਰਗਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੰਮੇਲਨ ਦੌਰਾਨ ਮੈਟਰੋ ਸੇਵਾਵਾਂ 'ਤੇ ਕੋਈ ਆਮ ਰੋਕ ਨਹੀਂ ਹੋਵੇਗੀ, ਜਿਸ ਨਾਲ ਮੈਟਰੋ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕੋਈ ਖ਼ਾਸ ਪਰੇਸ਼ਾਨੀ ਨਹੀਂ ਆਵੇਗੀ।
Get all latest content delivered to your email a few times a month.