ਤਾਜਾ ਖਬਰਾਂ
ਛੱਤੀਸਗੜ੍ਹ ਵਿੱਚ ਲੋਕਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੇ ਪਛਾਣ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਫਰਜ਼ੀ ਸਿਮ ਜਾਰੀ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਦੂਰਸੰਚਾਰ ਵਿਭਾਗ (DoT) ਨੇ ਸੋਮਵਾਰ ਨੂੰ ਦੇਸ਼ ਭਰ ਦੇ ਮੋਬਾਈਲ ਯੂਜ਼ਰਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਕਿਹਾ ਹੈ ਕਿ ਸਿਮ ਕਾਰਡ ਅਤੇ ਦੂਰਸੰਚਾਰ ਪਛਾਣ ਨਾਲ ਜੁੜੀ ਜਾਣਕਾਰੀ ਦੀ ਦੁਰਵਰਤੋਂ ਗੰਭੀਰ ਅਪਰਾਧ ਹੈ। ਟੈਲੀਕਮਿਊਨੀਕੇਸ਼ਨ ਐਕਟ, 2023 ਤਹਿਤ ਅਜਿਹੇ ਮਾਮਲਿਆਂ ਵਿੱਚ 3 ਸਾਲ ਤੱਕ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਸਿਮ ਲੈਣਾ, ਕਿਸੇ ਹੋਰ ਵਿਅਕਤੀ ਦੀ ਪਛਾਣ ਦੀ ਵਰਤੋਂ ਕਰਕੇ ਮੋਬਾਈਲ ਕਨੈਕਸ਼ਨ ਹਾਸਲ ਕਰਨਾ ਜਾਂ ਆਪਣੇ ਨਾਮ ’ਤੇ ਲਿਆ ਸਿਮ ਧੋਖਾਧੜੀ ਲਈ ਕਿਸੇ ਹੋਰ ਵਿਅਕਤੀ ਨੂੰ ਮੁਹੱਈਆ ਕਰਵਾਉਣਾ ਕਾਨੂੰਨੀ ਕਾਰਵਾਈ ਦੇ ਦਾਇਰੇ ਵਿੱਚ ਆਉਂਦਾ ਹੈ। ਵਿਭਾਗ ਨੇ ਮੋਬਾਈਲ ਹੈਂਡਸੈੱਟ ਦੇ IMEI ਨੰਬਰ ਨਾਲ ਛੇੜਛਾੜ ਕਰਨ ਜਾਂ ਬਦਲੇ ਹੋਏ IMEI ਵਾਲੇ ਫੋਨ ਦੀ ਵਰਤੋਂ ਕਰਨ ਬਾਰੇ ਵੀ ਚੇਤਾਵਨੀ ਦਿੱਤੀ ਹੈ। ਇਸ ਤੋਂ ਇਲਾਵਾ, ਕਾਲ ਕਰਦੇ ਸਮੇਂ ਅਸਲ ਨੰਬਰ ਦੀ ਬਜਾਏ ਕਿਸੇ ਹੋਰ ਵਿਅਕਤੀ ਦਾ ਨੰਬਰ ਦਿਖਾਉਣ ਲਈ ਕਾਲਿੰਗ ਆਈਡੀ ਵਿੱਚ ਹੇਰਾਫੇਰੀ ਕਰਨਾ ਵੀ ਗੈਰਕਾਨੂੰਨੀ ਹੈ।
ਵਿਭਾਗ ਨੇ ਮੋਬਾਈਲ ਯੂਜ਼ਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੰਚਾਰ ਸਾਥੀ ਪੋਰਟਲ ’ਤੇ ਜਾ ਕੇ ਜਾਂਚ ਕਰਨ ਕਿ ਉਨ੍ਹਾਂ ਦੀ ਪਛਾਣ ’ਤੇ ਕਿੰਨੇ ਮੋਬਾਈਲ ਸਿਮ ਕਨੈਕਸ਼ਨ ਸਰਗਰਮ ਹਨ। ਜੇ ਕੋਈ ਅਣਜਾਣ ਜਾਂ ਸ਼ੱਕੀ ਕਨੈਕਸ਼ਨ ਮਿਲਦਾ ਹੈ ਤਾਂ ਉਸ ਦੀ ਰਿਪੋਰਟ ਕੀਤੀ ਜਾ ਸਕਦੀ ਹੈ।
ਦੇਸ਼ ਵਿੱਚ ਆਮ ਤੌਰ ’ਤੇ ਇੱਕ ਵਿਅਕਤੀ ਆਪਣੇ ਨਾਮ ’ਤੇ ਵੱਧ ਤੋਂ ਵੱਧ 9 ਮੋਬਾਈਲ ਕਨੈਕਸ਼ਨ ਰੱਖ ਸਕਦਾ ਹੈ। ਹਾਲਾਂਕਿ ਜੰਮੂ-ਕਸ਼ਮੀਰ, ਅਸਾਮ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਇਹ ਸੀਮਾ 6 ਕਨੈਕਸ਼ਨਾਂ ਦੀ ਹੈ।
ਕੇਂਦਰ ਨੇ ਟੈਲੀਕਾਮ ਕੰਪਨੀਆਂ ਨੂੰ ਆਪਣੇ ਸਿਸਟਮਾਂ ਨੂੰ ਡਿਜੀਟਲ ਇੰਟੈਲੀਜੈਂਸ ਪਲੇਟਫਾਰਮ ਨਾਲ ਜੋੜਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਰਾਹੀਂ ਸ਼ੱਕੀ ਮੋਬਾਈਲ ਕਨੈਕਸ਼ਨਾਂ ਅਤੇ ਨਿਰਧਾਰਤ ਸੀਮਾ ਤੋਂ ਵੱਧ ਸਿਮ ਰੱਖਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ।ਸਰਕਾਰ ਨੇ ਕਿਹਾ ਹੈ ਕਿ ਅਜਿਹੀਆਂ ਗਤੀਵਿਧੀਆਂ ਟੈਲੀਕਾਮ ਨੈੱਟਵਰਕ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਸਕਦੀਆਂ ਹਨ। ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ FIR, ਜੁਰਮਾਨਾ ਅਤੇ ਗ੍ਰਿਫ਼ਤਾਰੀ ਵਰਗੀ ਕਾਰਵਾਈ ਕੀਤੀ ਜਾ ਸਕਦੀ ਹੈ।
Get all latest content delivered to your email a few times a month.