ਤਾਜਾ ਖਬਰਾਂ
ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਯਮੁਨਾ ਐਕਸਪ੍ਰੈਸ-ਵੇਅ 'ਤੇ ਇੱਕ ਸਲੀਪਰ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਜਦੋਂ ਬੱਸ ਵਿੱਚ ਅੱਗ ਲੱਗੀ, ਉਸ ਸਮੇਂ ਉਸ ਵਿੱਚ 35 ਲੋਕ ਸਵਾਰ ਸਨ। ਕਈ ਯਾਤਰੀਆਂ ਨੇ ਖਿੜਕੀ ਤੋਂ ਕੁੱਦ ਕੇ ਆਪਣੀ ਜਾਨ ਬਚਾਈ। ਹਾਲਾਂਕਿ, ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਝੁਲਸ ਗਏ ਹਨ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਫਾਇਰ ਫਾਈਟਰਜ਼ ਦੀ ਟੀਮ ਪਹੁੰਚੀ ਅਤੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਜਿਸ ਬੱਸ ਵਿੱਚ ਅੱਗ ਲੱਗੀ ਹੈ, ਉਸ ਨੂੰ ਲੈ ਕੇ ਹੁਣ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆ ਰਹੇ ਹਨ।
ਹਾਦਸਾ ਬੁੱਧਵਾਰ ਰਾਤ 12 ਵਜੇ ਨੋਇਡਾ ਤੋਂ ਲਗਭਗ 34 ਕਿਲੋਮੀਟਰ ਅੱਗੇ ਜੇਵਰ ਕਾਰਗੋ ਏਅਰਪੋਰਟ ਦੇ ਨੇੜੇ ਵਾਪਰਿਆ। ਹਾਦਸੇ 'ਤੇ ਸੀ.ਐਮ. ਯੋਗੀ ਨੇ ਦੁੱਖ ਪ੍ਰਗਟਾਇਆ ਹੈ, ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ ਅਤੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਪੀੜਤਾਂ ਦੀ ਮਦਦ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼ੁਰੂਆਤੀ ਜਾਂਚ ਦੇ ਮੁਤਾਬਕ ਬੱਸ ਵਿੱਚ ਅੱਗ ਲੱਗਣ ਦਾ ਕਾਰਨ ਬੱਸ ਦੇ ਏ.ਸੀ. (AC) ਵਿੱਚ ਸਪਾਰਕ ਹੋਣਾ ਦੱਸਿਆ ਜਾ ਰਹਾ ਹੈ। ਦੂਜੇ ਪਾਸੇ, ਪੁਲਿਸ ਨੇ ਮਾਮਲੇ ਵਿੱਚ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਯਮੁਨਾ ਐਕਸਪ੍ਰੈਸ-ਵੇਅ 'ਤੇ ਹੋਏ ਬੱਸ ਹਾਦਸੇ 'ਤੇ ਵੱਡਾ ਖੁਲਾਸਾ ਹੋਇਆ ਹੈ। ਚੱਲਦੀ ਬੱਸ ਵਿੱਚ ਡਰਾਈਵਰ-ਕੰਡਕਟਰ ਬੀੜੀ ਪੀ ਰਹੇ ਸਨ। ਯਾਤਰੀਆਂ ਨੇ ਡਰਾਈਵਰ ਨੂੰ ਦੱਸਿਆ ਸੀ ਕਿ ਅੱਗ ਸੜਨ ਦੀ ਬੱਦਬੂ ਆ ਰਹੀ ਹੈ, ਇਸ ਦੇ ਬਾਵਜੂਦ ਡਰਾਈਵਰ ਨੇ ਬੱਸ ਨਹੀਂ ਰੋਕੀ ਅਤੇ ਕੁਝ ਹੀ ਮਿੰਟਾਂ ਬਾਅਦ ਏ.ਸੀ. ਵਿੱਚ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਡਰਾਈਵਰ ਨੇ ਬੱਸ ਰੋਕੀ।
ਗ੍ਰੇਟਰ ਨੋਇਡਾ ਬੱਸ ਹਾਦਸੇ 'ਤੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਇਸ ਬੱਸ 'ਤੇ ਕੁੱਲ 1 ਲੱਖ 55 ਹਜ਼ਾਰ ਦਾ ਚਲਾਨ ਸੀ, ਜਿਨ੍ਹਾਂ ਵਿੱਚ ਓਵਰ ਸਪੀਡਿੰਗ, ਪਰਮਿਟ ਦੀ ਉਲੰਘਣਾ ਅਤੇ ਗਲਤ ਪਾਰਕਿੰਗ ਨੂੰ ਲੈ ਕੇ ਲਗਾਏ ਗਏ ਚਲਾਨ ਸ਼ਾਮਲ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਬੱਸ ਵਿੱਚ ਫਾਇਰ ਸੇਫਟੀ (ਅੱਗ ਬੁਝਾਊ) ਦੇ ਉਪਕਰਨ ਨਹੀਂ ਲੱਗੇ ਹੋਏ ਸਨ। ਇਸ ਵਜ੍ਹਾ ਨਾਲ ਸਮਾਂ ਰਹਿੰਦੇ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਹਾਦਸੇ ਦਾ ਸ਼ਿਕਾਰ ਹੋਈ ਬੱਸ ਦਾ ਨਾਮ 'ਰਾਜ ਕਲਪਨਾ ਟ੍ਰੈਵਲਜ਼' ਹੈ। ਇਹ ਬੱਸ ਨਵੀਂ ਦਿੱਲੀ ਦੇ ਕਸ਼ਮੀਰੀ ਗੇਟ ਡਿਪੂ ਤੋਂ ਚੱਲਦੀ ਹੈ। ਬੱਸ ਦੇ ਮਾਲਕ ਦੀ ਪਛਾਣ ਹੋ ਚੁੱਕੀ ਹੈ। ਬੱਸ ਦੇ ਮਾਲਕ ਦਾ ਨਾਮ ਰਾਜ ਕੁਮਾਰ ਸ਼ਰਮਾ ਹੈ, ਜੋ ਛਤਰਪੁਰ ਜ਼ਿਲ੍ਹੇ ਦੇ ਬਿਜਾਵਰ ਵਿਧਾਨ ਸਭਾ ਖੇਤਰ ਦੇ ਦਿਓਰਾਨ ਪਿੰਡ ਦਾ ਰਹਿਣ ਵਾਲਾ ਹੈ।
ਬੱਸ ਵਿੱਚ ਅੱਗ ਲੱਗਣ ਤੋਂ ਬਾਅਦ ਭਗਦੜ ਮਚ ਗਈ ਅਤੇ ਕੁਝ ਯਾਤਰੀਆਂ ਨੇ ਬੱਸ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਕੁਝ ਹੀ ਦੇਰ ਵਿੱਚ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਈ ਲੋਕ ਬੱਸ ਦੇ ਅੰਦਰ ਹੀ ਫਸੇ ਰਹਿ ਗਏ। ਬੱਸ ਦੀ ਖਿੜਕੀ ਤੋਂ ਕੁੱਦ ਕੇ ਕਈ ਲੋਕਾਂ ਨੇ ਜਾਨ ਬਚਾਈ। ਹਾਦਸੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯਾਤਰੀਆਂ ਦਾ ਦਾਅਵਾ ਹੈ ਕਿ ਜੇਕਰ ਡਰਾਈਵਰ ਸਮਾਂ ਰਹਿੰਦੇ ਬੱਸ ਰੋਕ ਦਿੰਦਾ ਤਾਂ ਸ਼ਾਇਦ 9 ਲੋਕਾਂ ਦੀ ਮੌਤ ਨਾ ਹੁੰਦੀ। ਅੱਗ ਇੰਨੀ ਭਿਆਨਕ ਸੀ ਕਿ ਬੱਸ ਦੀਆਂ ਸੀਟਾਂ ਵੀ ਨਹੀਂ ਬਚੀਆਂ, ਟਾਇਰ ਸੜ ਗਏ ਅਤੇ ਸਿਰਫ਼ ਲੋਹੇ ਦਾ ਢਾਂਚਾ ਹੀ ਬਚਿਆ ਹੈ।
Get all latest content delivered to your email a few times a month.