IMG-LOGO
ਹੋਮ ਪੰਜਾਬ: ਅਫ਼ਵਾਹਾਂ ਤੋਂ ਬਾਅਦ ਚਿਤਕਾਰਾ ਯੂਨੀਵਰਸਿਟੀ 'ਚ ਦੇਰ ਰਾਤ ਹੰਗਾਮਾ, ਪੁਲਿਸ...

ਅਫ਼ਵਾਹਾਂ ਤੋਂ ਬਾਅਦ ਚਿਤਕਾਰਾ ਯੂਨੀਵਰਸਿਟੀ 'ਚ ਦੇਰ ਰਾਤ ਹੰਗਾਮਾ, ਪੁਲਿਸ ਅਤੇ ਪ੍ਰਸ਼ਾਸਨ ਨੇ ਮੌਤਾਂ ਤੇ ਲਾਪਤਾ ਹੋਣ ਦੇ ਦਾਅਵਿਆਂ ਨੂੰ ਨਕਾਰਿਆ

Admin User - Sep 26, 2026 01:52 PM
IMG

ਚਿਤਕਾਰਾ ਯੂਨੀਵਰਸਿਟੀ (ਰਾਜਪੁਰਾ/ਪਟਿਆਲਾ) ਕੈਂਪਸ 'ਚ ਸ਼ੁੱਕਰਵਾਰ ਦੇਰ ਰਾਤ ਦੋ ਵਿਦਿਆਰਥਣਾਂ ਦੇ ਲਾਪਤਾ ਹੋਣ ਦੀਆਂ ਅਫ਼ਵਾਹਾਂ ਵਾਇਰਲ ਹੋਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। 25-26 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਸੋਸ਼ਲ ਮੀਡੀਆ 'ਤੇ ਫੈਲੀਆਂ ਖ਼ਬਰਾਂ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਸੜਕਾਂ 'ਤੇ ਉੱਤਰ ਆਏ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ।


ਮਾਮਲਾ ਤੂਲ ਫੜਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ। ਐੱਸ.ਐੱਚ.ਓ. ਗੁਰਸੇਵਕ ਸਿੰਘ ਅਤੇ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਰਾਕੇਸ਼ ਸ਼ਰਮਾ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਤਿੱਖੀ ਬਹਿਸ ਵੀ ਹੋਈ। ਹਾਲਾਂਕਿ, ਲਾਪਤਾ ਹੋਣ ਦੇ ਦਾਅਵੇ ਕਰਨ ਵਾਲੇ ਵਿਦਿਆਰਥੀਆਂ ਕੋਲ ਇਸ ਬਾਰੇ ਕੋਈ ਠੋਸ ਸਬੂਤ ਜਾਂ ਪੁਖਤਾ ਵੇਰਵਾ ਨਹੀਂ ਸੀ।


ਧਰਨੇ 'ਤੇ ਬੈਠੇ ਵਿਦਿਆਰਥੀਆਂ ਨੇ ਰਾਤ ਦੇ ਸਮੇਂ ਹੋਸਟਲ ਨੇੜੇ ਸ਼ੱਕੀ ਆਵਾਜ਼ਾਂ ਸੁਣਨ ਅਤੇ ਐਂਬੂਲੈਂਸਾਂ ਦੀ ਅਚਾਨਕ ਆਵਾਜਾਈ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਪੂਰੀ ਸਥਿਤੀ ਸਪੱਸ਼ਟ ਕਰੇ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਕੈਂਪਸ 'ਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਜਨਤਕ ਕਰਕੇ ਜਾਂਚ ਕਰਵਾਏ।

ਯੂਨੀਵਰਸਿਟੀ ਤੇ ਪੁਲਿਸ ਵੱਲੋਂ ਖ਼ਬਰਾਂ ਦਾ ਖੰਡਨ, ਅਫ਼ਵਾਹਾਂ ਤੋਂ ਬਚਣ ਦੀ ਅਪੀਲ

ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਰਾਕੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਫ਼ ਕੀਤਾ ਕਿ ਕੈਂਪਸ ਅੰਦਰ ਕਿਸੇ ਵੀ ਵਿਦਿਆਰਥਣ ਦੀ ਮੌਤ ਜਾਂ ਲਾਪਤਾ ਹੋਣ ਦੀ ਘਟਨਾ ਨਹੀਂ ਵਾਪਰੀ ਹੈ। ਉਨ੍ਹਾਂ ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ।


ਦੂਜੇ ਪਾਸੇ, ਡੀ.ਐੱਸ.ਪੀ. ਬਨੂੜ ਸੁਖਦੇਵ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਵਿਦਿਆਰਥੀ ਲਾਪਤਾ ਪਾਇਆ ਗਿਆ ਤਾਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਨੇ ਮਾਪਿਆਂ ਅਤੇ ਆਮ ਲੋਕਾਂ ਨੂੰ ਬਿਨਾਂ ਪੁਸ਼ਟੀ ਵਾਲੀਆਂ ਖ਼ਬਰਾਂ 'ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ। ਫਿਲਹਾਲ ਯੂਨੀਵਰਸਿਟੀ ਕੈਂਪਸ 'ਚ ਸਥਿਤੀ ਪੂਰੀ ਤਰ੍ਹਾਂ ਸ਼ਾਂਤ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.