ਤਾਜਾ ਖਬਰਾਂ
ਏਸ਼ੀਅਨ ਗੇਮਜ਼ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਸੋਨ ਤਮਗਾ ਜਿੱਤਣ ਤੋਂ ਬਾਅਦ ਸਾਬਕਾ ਕਪਤਾਨ ਅਤੇ ਸੀਨੀਅਰ ਖਿਡਾਰੀ ਮਨਪ੍ਰੀਤ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ। ਟੀਮ ਦੀ ਇਸ ਸ਼ਾਨਦਾਰ ਜਿੱਤ ਨਾਲ ਮਨਪ੍ਰੀਤ ਦੇ ਪਰਿਵਾਰ ਦੀ ਉਹ ਉਮੀਦ ਵੀ ਪੂਰੀ ਹੋਈ ਹੈ, ਜਿਸ ਤਹਿਤ ਉਹ ਮਨਪ੍ਰੀਤ ਨੂੰ ਇੱਕ ਵਾਰ ਫਿਰ ਓਲੰਪਿਕ ਦੇ ਮੈਦਾਨ ਵਿੱਚ ਖੇਡਦਾ ਦੇਖਣਾ ਚਾਹੁੰਦੇ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਸੋਨ ਤਮਗਾ ਜਿੱਤ ਕੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਮਨਪ੍ਰੀਤ ਅਤੇ ਪੂਰੀ ਟੀਮ ਦੀ ਜਿੱਤ ਲਈ ਅਰਦਾਸ ਕੀਤੀ ਸੀ।
ਮਨਜੀਤ ਕੌਰ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਏਸ਼ੀਅਨ ਗੇਮਜ਼ ਦੀ ਇਸ ਜਿੱਤ ਨਾਲ ਭਾਰਤ ਨੇ ਓਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ ਹੈ, ਜਿਸ ਕਾਰਨ ਪਰਿਵਾਰ ਵਿੱਚ ਖੁਸ਼ੀ ਹੋਰ ਵਧ ਗਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤੀ ਟੀਮ ਓਲੰਪਿਕ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਪਿਛਲੇ ਤਮਗੇ ਦਾ ਰੰਗ ਬਦਲ ਕੇ ਦੇਸ਼ ਲਈ ਸੋਨ ਤਮਗਾ ਜਿੱਤੇਗੀ।
ਮਨਪ੍ਰੀਤ ਸਿੰਘ ਦੀ ਪਤਨੀ ਇਲੀ ਨੇ ਵੀ ਭਾਰਤੀ ਟੀਮ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਮੈਚ ਤੋਂ ਪਹਿਲਾਂ ਮਨਪ੍ਰੀਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਉਸ ਨੂੰ ਨਤੀਜੇ ਦੀ ਪਰਵਾਹ ਕੀਤੇ ਬਿਨਾਂ ਪੂਰੀ ਮਿਹਨਤ ਅਤੇ ਸਮਰਪਣ ਨਾਲ ਖੇਡਣ ਲਈ ਕਿਹਾ ਸੀ।
ਇਲੀ ਨੇ ਕਿਹਾ ਕਿ ਮਨਪ੍ਰੀਤ ਦਾ ਓਲੰਪਿਕ ਲਈ ਕੁਆਲੀਫਾਈ ਕਰਨਾ ਪਰਿਵਾਰ ਲਈ ਬੇਹੱਦ ਖੁਸ਼ੀ ਦੀ ਗੱਲ ਹੈ। ਹੁਣ ਪਰਿਵਾਰ ਦੀ ਇੱਛਾ ਹੈ ਕਿ ਮਨਪ੍ਰੀਤ ਆਪਣਾ ਪੰਜਵਾਂ ਓਲੰਪਿਕ ਖੇਡੇ ਅਤੇ ਭਾਰਤੀ ਹਾਕੀ ਟੀਮ ਦੇ ਨਾਲ ਦੇਸ਼ ਦਾ ਨਾਮ ਹੋਰ ਰੌਸ਼ਨ ਕਰੇ।
Get all latest content delivered to your email a few times a month.