ਤਾਜਾ ਖਬਰਾਂ
ਪੰਜਾਬ ਤੋਂ ਕੰਟਰੈਕਟ ਮੈਰਿਜ ਅਤੇ ਫਰਜ਼ੀ ਰਿਸ਼ਤਿਆਂ ਰਾਹੀਂ ਕੈਨੇਡਾ ਜਾਣ ਵਾਲਿਆਂ 'ਤੇ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (IRCC) ਨੇ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਵਿਆਹ ਰਾਹੀਂ ਹੋ ਰਹੀਆਂ ਇਮੀਗ੍ਰੇਸ਼ਨ ਧੋਖਾਧੜੀਆਂ ਅਤੇ ਠੱਗ ਲਾੜੇ-ਲਾੜੀਆਂ ਦੀਆਂ ਵਧਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਨੇਡਾ ਸਰਕਾਰ ਨੇ ਸਖ਼ਤ ਨਿਯਮਾਂ ਦਾ ਐਲਾਨ ਕੀਤਾ ਹੈ। ਨਵੇਂ ਹੁਕਮਾਂ ਮੁਤਾਬਕ ਝੂਠੇ ਵਿਆਹ ਦੇ ਆਧਾਰ 'ਤੇ ਵੀਜ਼ਾ ਹਾਸਲ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਤੁਰੰਤ 5 ਸਾਲ ਦੀ ਪਾਬੰਦੀ ਲਗਾਈ ਜਾਵੇਗੀ।
ਕੈਨੇਡੀਅਨ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਫਰਜ਼ੀ ਰਿਸ਼ਤਿਆਂ ਵਿੱਚ ਸ਼ਾਮਲ ਕੈਨੇਡੀਅਨ ਨਾਗਰਿਕਾਂ ਜਾਂ ਪੀਆਰ (PR) ਧਾਰਕਾਂ 'ਤੇ ਕ੍ਰਿਮਨਲ ਚਾਰਜ ਲਗਾਏ ਜਾਣਗੇ। ਜੇਕਰ ਵਿਆਹ ਅਗਲੇ ਹੀ ਦਿਨ ਟੁੱਟ ਜਾਂਦਾ ਹੈ, ਤਾਂ ਵੀ ਸਪਾਂਸਰ ਕਰਨ वाले ਵਿਅਕਤੀ ਨੂੰ ਅਗਲੇ 3 ਸਾਲਾਂ ਤੱਕ ਆਪਣੇ ਸਾਥੀ ਦਾ ਪੂਰਾ ਖਰਚਾ ਚੁੱਕਣਾ ਪਵੇਗਾ। ਇਸ ਦੌਰਾਨ ਜੇਕਰ ਸਪਾਂਸਰਡ ਵਿਅਕਤੀ ਸਰਕਾਰੀ ਸਮਾਜਿਕ ਸਹਾਇਤਾ ਲੈਂਦਾ ਹੈ, ਤਾਂ ਉਹ ਸਾਰੀ ਰਕਮ ਸਰਕਾਰ ਸਪਾਂਸਰ ਤੋਂ ਵਸੂਲ ਕਰੇਗੀ। ਅਧਿਕਾਰੀਆਂ ਅਨੁਸਾਰ ਅਜਿਹੇ ਫਰਜ਼ੀਵਾੜੇ ਨਾਲ ਕੈਨੇਡਾ ਦੇ ਵੈੱਲਫੇਅਰ ਸਿਸਟਮ 'ਤੇ ਬੋਝ ਪੈਣ ਦੇ ਨਾਲ-ਨਾਲ ਸੱਚੇ ਅਤੇ ਲੋੜਵੰਦ ਪਰਿਵਾਰਾਂ ਦੇ ਕੇਸ ਵੀ ਪ੍ਰਭਾਵਿਤ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਆਈਲੈਟਸ (IELTS) ਪਾਸ ਲੜਕੀਆਂ ਦੇ ਖਰਚੇ 'ਤੇ ਲੜਕਿਆਂ ਦੇ ਬਾਹਰ ਜਾਣ ਦਾ ਰੁਝਾਨ ਕਾਫ਼ੀ ਵਧਿਆ ਹੈ। ਅੰਕੜਿਆਂ ਮੁਤਾਬਕ ਹਰ ਸਾਲ ਪੰਜਾਬ ਤੋਂ ਔਸਤਨ 35,000 ਨੌਜਵਾਨ ਸਪਾਂਸਰਸ਼ਿਪ, ਸਪਾਊਸ ਵੀਜ਼ਾ ਅਤੇ ਕੰਟਰੈਕਟ ਮੈਰਿਜ ਰਾਹੀਂ ਕੈਨੇਡਾ ਦਾ ਰੁੱਖ ਕਰਦੇ ਹਨ। ਆਈਆਰਸੀਸੀ (IRCC) ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੈਸਿਆਂ ਦੇ ਲਾਲਚ ਜਾਂ ਧੋਖਾਧੜੀ ਵਾਲੀਆਂ ਸਕੀਮਾਂ ਵਿੱਚ ਆਪਣੀ ਮਿਹਨਤ ਦੀ ਕਮਾਈ ਬਰਬਾਦ ਨਾ ਕਰਨ ਅਤੇ ਸਿਰਫ਼ ਅਸਲੀ ਰਿਸ਼ਤਿਆਂ ਦੇ ਆਧਾਰ 'ਤੇ ਹੀ ਇਮੀਗ੍ਰੇਸ਼ਨ ਲਈ ਅਪਲਾਈ ਕਰਨ।
Get all latest content delivered to your email a few times a month.