ਤਾਜਾ ਖਬਰਾਂ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) 'ਚ ਬੀਤੇ ਦਿਨੀਂ ਹੋਈ ਭੰਨਤੋੜ ਅਤੇ ਹਿੰਸਾ ਦੇ ਮਾਮਲੇ 'ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਅਦਾਲਤ ਦੇ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਅੱਜ ਮਾਮਲੇ ਦੀ ਪੂਰੀ ਸਟੇਟਸ ਰਿਪੋਰਟ ਅਤੇ ਡਿਟੇਲਡ ਐਫਿਡੇਵਿਟ ਦਾਇਰ ਕੀਤਾ ਜਾਵੇਗਾ। ਸਰਕਾਰ ਨੂੰ ਅਦਾਲਤ 'ਚ ਇਹ ਸਾਫ਼ ਕਰਨਾ ਪਵੇਗਾ ਕਿ ਇਸ ਪੂਰੇ ਬਵਾਲ ਦਾ ਅਸਲ ਕਾਰਨ ਕੀ ਸੀ ਅਤੇ ਪੁਲਿਸ ਵੱਲੋਂ ਹੁਣ ਤੱਕ ਦੋਸ਼ੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ।
ਹਾਈਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ 'ਚ ਇਹ ਗੰਭੀਰ ਚਿੰਤਾ ਜਤਾਈ ਗਈ ਹੈ ਕਿ ਪ੍ਰਦਰਸ਼ਨ ਦੀ ਆੜ 'ਚ ਨੈਸ਼ਨਲ ਹਾਈਵੇਅ-44 ਨੂੰ 18 ਘੰਟਿਆਂ ਤੋਂ ਵੱਧ ਸਮੇਂ ਤੱਕ ਜਾਮ ਕਰਕੇ ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕੀਤਾ ਗਿਆ। ਇਹ ਹਾਈਵੇਅ ਜੰਮੂ-ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ ਇੱਕ ਅਹਿਮ ਮਾਰਗ ਹੈ। ਇਸ ਸੰਵੇਦਨਸ਼ੀਲ ਮੁੱਦੇ ਨੂੰ ਦੇਖਦਿਆਂ ਪਟੀਸ਼ਨਕਰਤਾ ਵੱਲੋਂ ਪੂਰੇ ਮਾਮਲੇ ਦੀ ਸੀ.ਬੀ.ਆਈ. (CBI) ਜਾਂਚ ਦੀ ਮੰਗ ਵੀ ਕੀਤੀ ਗਈ ਹੈ।
ਕਪੂਰਥਲਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਹੁਣ ਤੱਕ 11 ਅਰਾਜਕ ਤੱਤਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਕੁੱਲ 4 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਹਾਲਾਂਕਿ, ਹਿੰਸਾ ਦਾ ਮੁੱਖ ਮਾਸਟਰਮਾਈਂਡ ਫਰਹਤ ਦੇਵ ਅਜੇ ਵੀ ਫਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਜੰਮੂ-ਕਸ਼ਮੀਰ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਸਾਈਬਰ ਕ੍ਰਾਈਮ ਨੇ ਅਫ਼ਵਾਹਾਂ ਅਤੇ ਫਰਜ਼ੀ ਵੀਡੀਓਜ਼ ਫੈਲਾਉਣ ਵਾਲੀਆਂ ਲਗਭਗ 300 ਸੋਸ਼ਲ ਮੀਡੀਆ ਪੋਸਟਾਂ ਨੂੰ ਵੀ ਹਟਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ 26 ਸਤੰਬਰ ਨੂੰ ਹੋਸਟਲ 'ਚ ਇੱਕ ਵਿਦਿਆਰਥਣ ਨਾਲ ਜਬਰ-ਜਨਾਹ ਦੀ ਫਰਜ਼ੀ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਦਿਆਰਥੀ ਭੜਕ ਗਏ ਸਨ। ਗੁੱਸੇ 'ਚ ਆਏ ਪ੍ਰਦਰਸ਼ਨਕਾਰੀਆਂ ਨੇ ਕੈਂਪਸ ਦੇ ਅੰਦਰੂਨੀ ਹਿੱਸਿਆਂ ਅਤੇ ਯੂਨੀ ਮਾਲ 'ਚ ਭਾਰੀ ਭੰਨਤੋੜ ਤੇ ਲੁੱਟਪਾਟ ਕੀਤੀ ਸੀ। ਬਾਅਦ 'ਚ ਸਬੰਧਤ ਵਿਦਿਆਰਥਣ ਨੇ ਖ਼ੁਦ ਵੀਡੀਓ ਜਾਰੀ ਕਰਕੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਅਤੇ ਆਪਣੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ।
ਹਾਲਾਤ ਬੇਕਾਬੂ ਹੁੰਦੇ ਦੇਖ ਮੈਨੇਜਮੈਂਟ ਨੇ 10 ਦਿਨਾਂ ਲਈ ਪੜ੍ਹਾਈ ਅਤੇ ਮਿਡ-ਸੈਮੇਸਟਰ ਪ੍ਰੀਖਿਆਵਾਂ ਮੁਅੱਤਲ ਕਰ ਦਿੱਤੀਆਂ ਸਨ। ਹੁਣ ਵਿਦਿਆਰਥੀ ਵਾਪਸ ਕੈਂਪਸ ਆ ਚੁੱਕੇ ਹਨ ਅਤੇ ਛੁੱਟੀਆਂ ਤੋਂ ਬਾਅਦ ਸਥਿਤੀ ਹੌਲੀ-ਹੌਲੀ ਆਮ ਵਾਂਗ ਹੋ ਰਹੀ ਹੈ। ਨੁਕਸਾਨੀ ਗਈ ਸਰਕਾਰੀ ਤੇ ਨਿੱਜੀ ਜਾਇਦਾਦ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
Get all latest content delivered to your email a few times a month.