ਤਾਜਾ ਖਬਰਾਂ
ਜੈਪੁਰ ਹਵਾਈ ਅੱਡੇ 'ਤੇ ਜਹਾਜ਼ ਹਾਈਜੈਕ ਹੋਣ ਦੇ ਅਲਰਟ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਏਅਰ ਇੰਡੀਆ ਦੀ ਫ਼ਲਾਈਟ AI-2030 ਦੀ ਜੈਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਹੋਈ ਹੈ। ਇਹ ਫ਼ਲਾਈਟ ਫ੍ਰੈਂਕਫਰਟ ਤੋਂ ਦਿੱਲੀ ਜਾ ਰਹੀ ਸੀ। ਅਹਿਮਦਾਬਾਦ ਏ.ਟੀ.ਸੀ. ਨੂੰ ਜਹਾਜ਼ ਬਾਰੇ ਅਲਰਟ ਮਿਲਿਆ ਸੀ, ਜਿਸ ਤੋਂ ਬਾਅਦ ਜਹਾਜ਼ ਦੇ ਪਾਇਲਟ ਨੇ ਕੁਝ ਸਕਿੰਟਾਂ ਲਈ 'ਸਕਵਾਕ-7500' ਕੋਡ ਐਲਾਨਿਆ ਸੀ। ਇਸ ਕਾਰਨ ਸੁਰੱਖਿਆ ਏਜੰਸੀਆਂ ਤੁਰੰਤ ਅਲਰਟ ਮੋਡ ਵਿੱਚ ਆ ਗਈਆਂ। ਇਸ ਤੋਂ ਬਾਅਦ ਜਹਾਜ਼ ਦੀ ਜੈਪੁਰ ਹਵਾਈ ਅੱਡੇ 'ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਮੁਤਾਬਕ ਸਵੇਰੇ 9:45 ਵਜੇ ਜਹਾਜ਼ ਨੂੰ ਆਈਸੋਲੇਸ਼ਨ ਵੇਅ 'ਤੇ ਲਿਆਂਦਾ ਗਿਆ ਸੀ। ਦੱਸ ਦਈਏ ਕਿ ਹੰਗਾਮੀ ਹਾਲਤ ਵਿੱਚ ਹੀ ਜਹਾਜ਼ ਨੂੰ ਆਈਸੋਲੇਸ਼ਨ ਵੇਅ 'ਤੇ ਲਿਆਂਦਾ ਜਾਂਦਾ ਹੈ।
ਇਸ ਜਾਣਕਾਰੀ ਤੋਂ ਬਾਅਦ ਤੁਰੰਤ ਦਿੱਲੀ ਤੋਂ ਐੱਨ.ਐੱਸ.ਜੀ. ਰਵਾਨਾ ਕੀਤੀ ਗਈ, ਜੈਪੁਰ ਦਾ ਸਾਹੂਕਾਰ ਅਤੇ ਈ.ਐੱਚ.ਸੀ.ਸੀ. ਹਸਪਤਾਲ ਨੂੰ ਅਲਰਟ 'ਤੇ ਰੱਖਿਆ ਗਿਆ। ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਫ਼ੋਨ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਲਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਇਲਟ ਦੀ ਗ਼ਲਤੀ ਕਾਰਨ ਬਟਨ ਦੱਬ ਗਿਆ ਸੀ, ਜਿਸ ਤੋਂ ਬਾਅਦ ਜਹਾਜ਼ ਹਾਈਜੈਕ ਦਾ ਅਲਰਟ ਜਾਰੀ ਹੋ ਗਿਆ ਅਤੇ ਫਿਰ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਾਈਜੈਕ ਦਾ ਅਲਰਟ ਮਿਲਦਿਆਂ ਹੀ ਚਾਰੋਂ ਪਾਸੇ ਅਫ਼ਰਾ-ਤਫ਼ਰੀ ਮੱਚ ਗਈ, ਮੁਸਾਫ਼ਰਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰ ਹੋਇਆ ਕੀ ਹੈ?
ਅਧਿਕਾਰੀਆਂ ਨੇ ਕਿਹਾ ਕਿ ਫ਼ਲਾਈਟ AI2030 ਦੇ ਮੁਸਾਫ਼ਰ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਜਹਾਜ਼ ਵਿੱਚੋਂ ਉਤਾਰਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੰਜ਼ਿਲ ਤੱਕ ਜਾਣ ਲਈ ਦੁਬਾਰਾ ਜਹਾਜ਼ ਵਿੱਚ ਬਿਠਾਇਆ ਜਾਵੇਗਾ। ਹਾਲਾਤ ਆਮ ਹਨ ਅਤੇ ਅਸੀਂ ਮੁਸਾਫ਼ਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਘਬਰਾਉਣ ਨਹੀਂ। ਹਾਲਾਤ ਵਿੱਚ ਬਦਲਾਅ ਦੇ ਨਾਲ ਅਸੀਂ ਅੱਗੇ ਦੀ ਜਾਣਕਾਰੀ ਦੇਵਾਂਗੇ।
ਦੱਸਿਆ ਜਾ ਰਿਹਾ ਹੈ ਕਿ ਪਾਇਲਟ ਨੇ ਕੁਝ ਸਮੇਂ ਲਈ ਸਕਵਾਕ-7500 ਕੋਡ ਐਲਾਨਿਆ ਸੀ। ਦੱਸ ਦਈਏ ਕਿ ਇਸ ਕੋਡ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਜਹਾਜ਼ ਦੇ ਹਾਈਜੈਕ ਹੋਣ ਦੀ ਹਾਲਤ ਹੋਵੇ। ਇਸ ਤੋਂ ਬਾਅਦ ਸਿਗਨਲ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਸਵੇਰੇ ਕਰੀਬ 9:10 ਵਜੇ ਫ਼ਲਾਈਟ ਨੂੰ ਦਿੱਲੀ ਦੇ ਵਾਰ ਰੂਮ ਤੋਂ ਰੂਟ ਬਦل ਕੇ ਇਸ ਨੂੰ ਜੈਪੁਰ ਭੇਜਣ ਦਾ ਫ਼ੈਸਲਾ ਲਿਆ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਜੈਪੁਰ ਵਿੱਚ ਲੈਂਡ ਕਰਵਾਉਣ ਦੀ ਤਿਆਰੀ ਸ਼ੁਰੂ ਹੋਈ ਅਤੇ ਇਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
Get all latest content delivered to your email a few times a month.